ਨੈਸ਼ਨਲ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਖੇੜ ਤਾਲੁਕਾ ਵਿੱਚ ਸੋਮਵਾਰ ਸ਼ਾਮ ਨੂੰ ਕੁੰਡੇਸ਼ਵਰ ਮੰਦਰ ਨੇੜੇ ਇੱਕ ਪਿਕਅੱਪ ਵੈਨ ਖੱਡ ਵਿੱਚ ਡਿੱਗਣ ਕਾਰਨ 10 ਔਰਤਾਂ ਦੀ ਮੌਤ ਹੋ ਗਈ ਅਤੇ 25 ਹੋਰ ਲੋਕ ਜ਼ਖਮੀ ਹੋ ਗਏ। ਪੀੜਤ ਪਾਪਲਵਾੜੀ ਪਿੰਡ ਦੇ ਵਸਨੀਕ ਸਨ ਅਤੇ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਲਈ ਮੰਦਰ ਜਾ ਰਹੇ ਸਨ। ਪੁਲਸ ਮੁਤਾਬਕ, ਲਗਭਗ 30-35 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਪਿਕਅੱਪ ਵੈਨ ਦੇ ਡਰਾਈਵਰ ਨੇ ਇੱਕ ਢਲਾਣ ‘ਤੇ ਚੜ੍ਹਦੇ ਸਮੇਂ ਅਤੇ ਇੱਕ ਤੇਜ਼ ਮੋੜ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਪਿੱਛੇ ਵੱਲ ਪਲਟ ਗਈ ਅਤੇ 25-30 ਫੁੱਟ ਹੇਠਾਂ ਖੱਡ ਵਿੱਚ ਡਿੱਗ ਗਈ।
ਮ੍ਰਿਤਕਾਂ ਦੀ ਪਛਾਣ ਸੰਜੀਵਨੀ ਕੈਲਾਸ਼ ਦਰੇਕਰ, ਬੈਦਾਬਾਈ ਨਿਆਏਸ਼ਵਰ ਦਰੇਕਰ, ਸ਼ਕੁੰਤਲਾ ਤਾਨਾਜੀ ਚੋਰਗੇ, ਸ਼ੋਭਾ ਗਿਆਨੇਸ਼ਵਰ ਪਾਪਲ, ਸੁਮਨ ਕਾਲੂਰਾਮ ਪਾਪਲ, ਸ਼ਾਰਦਾ ਰਾਮਦਾਸ ਚੋਰਗੇ, ਮੰਦਾ ਕਨੀਫ ਦਰੇਕਰ ਅਤੇ ਮੀਰਾਬਾਈ ਸੰਭਾਜੀ ਚੋਰਗੇ ਵਜੋਂ ਹੋਈ ਹੈ। ਚੰਦੌਲੀ ਦੇ ਹਸਪਤਾਲਾਂ ਅਤੇ ਨੇੜਲੇ ਨਿੱਜੀ ਮੈਡੀਕਲ ਸੈਂਟਰਾਂ ਵਿੱਚ ਕਈ ਜ਼ਖਮੀ ਸ਼ਰਧਾਲੂਆਂ ਦੀ ਹਾਲਤ ਗੰਭੀਰ ਹੈ। ਡਰਾਈਵਰ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ ਸ਼ਿਵਾਜੀ ਪਵਾਰ ਨੇ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।