ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮਾਮਲੇ ’ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੀਤੇ ਹਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਾਂ ਤਾਂ ਐਡਵੋਕੇਟ ਧਾਮੀ ਨੂੰ ਜ਼ਮੀਨੀ ਹਕੀਕਤ ਦਾ ਗਿਆਨ ਨਹੀਂ ਜਾਂ ਫਿਰ ਉਹ ਜਾਣ-ਬੁੱਝ ਕੇ ਅਸਲੀਅਤ ਤੋਂ ਅਣਜਾਣ ਬਣ ਰਹੇ ਹਨ।
ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਉਹਨਾਂ ਨੇ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਵੱਡੇ ਭਰਾ ਦੀ ਭੂਮਿਕਾ ਨਿਭਾਵੇ ਪਰ ਅਜਿਹਾ ਜਾਪਦਾ ਹੈ ਕਿ ਐਡਵੋਕੇਟ ਧਾਮੀ ਗਿਆਨ ਵਿਹੂਣੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਅੰਮ੍ਰਿਤਸਰ ਵਿਚ ਦਲ ਪੰਥ ਦੀਆਂ ਸੰਸਥਾਵਾਂ ਨਾਲ ਜੋ ਮੀਟਿੰਗਾਂ ਕੀਤੀਆਂ ਸਨ, ਉਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਵੀ ਮੌਜੂਦ ਸਨ ਜਿਹਨਾਂ ਨੇ ਭਰੋਸਾ ਦੁਆਇਆ ਸੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਰੱਖੇ ਜਾਣ ਵਾਲੇ ਸਮਾਗਮਾਂ ਵਿਚ ਰੁਕਾਵਟ ਪੈਦਾ ਨਹੀਂ ਕਰਨਗੇ। ਉਹਨਾਂ ਦੱਸਿਆ ਕਿ ਜਿਹੜੀ ਅਸੀਂ ਅੰਮ੍ਰਿਤਸਰ ਵਿਚ ਮੀਟਿੰਗ ਕੀਤੀ, ਉਸ ਵਿਚ ਪ੍ਰਤਾਪ ਸਿੰਘ ਸਕੱਤਰ, ਬਿਜੇ ਸਿੰਘ ਧਰਮ ਪ੍ਰਚਾਰ ਸਕੱਤਰ ਤੇ ਬਲਵਿੰਦਰ ਸਿੰਘ ਕਾਹਲਵਾਂ ਮੈਂਬਰ ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ।