ਚੰਡੀਗੜ੍ਹ :ਵਿਸ਼ਵ ਅੰਗ ਦਾਨ ਦਿਵਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਸਾਰੇ ਮਹੱਤਵਪੂਰਨ ਅੰਗ ਤੇ ਟਿਸ਼ੂ ਦਾਨ ਕਰਨ ਦਾ ਪ੍ਰਣ ਲੈ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਲੋਕਾਂ ਨੂੰ ਅੱਗੇ ਆ ਕੇ ਅੰਗ ਦਾਨ ਕਰਨ ਦਾ ਨੇਕ ਪ੍ਰਣ ਲੈਣ ਦੀ ਅਪੀਲ ਕਰਦੇ ਹਨ। ਇਕ ਮ੍ਰਿਤਕ ਅੰਗ ਦਾਨੀ ਅੱਠ ਜਾਨਾਂ ਬਚਾ ਸਕਦਾ ਹੈ ਤੇ ਕਈ ਪਰਿਵਾਰਾਂ ਦਾ ਭਵਿੱਖ ਬਦਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਾਲ ਹੀ ’ਚ ਭਾਰਤ ਸਰਕਾਰ ਵੱਲੋਂ ਅੰਗ ਦਾਨ ਦੇ ਖੇਤਰ ’ਚ ਇਕ ਉੱਭਰ ਰਹੇ ਸੂਬੇ ਵਜੋਂ ਮਾਨਤਾ ਦਿੱਤੀ ਗਈ ਹੈ। ਇਕ ਸਨਮਾਨ ਨੂੰ ਉਨ੍ਹਾਂ ਨੇ ਸਾਡੇ ਸਮੂਹਿਕ ਯਤਨਾਂ ਦਾ ਪ੍ਰਮਾਣ ਦੱਸਿਆ। ਅੱਗੇ ਦਾ ਰਸਤਾ ਹਰੇਕ ਨਾਗਰਿਕ ਦੀ ਸਰਗਰਮ ਭਾਗੀਦਾਰੀ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਵੈੱਬਸਾਈਟ ’ਤੇ ਜਾ ਕੇ ਆਪਣਾ ਪ੍ਰਣ ਆਨਲਾਈਨ ਰਜਿਸਟਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੁਹਾਡਾ ਅੱਜ ਦਾ ਫ਼ੈਸਲਾ ਕੱਲ ਕਿਸੇ ਦੀ ਜਾਨ ਬਚਾ ਸਕਦਾ ਹੈ।