ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਫਰੀਦਕੋਟ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਿਰਾਉਣ ਦੀ ਰਸਮ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਜਾਨਾਂ ਵਾਰਨ ਵਾਲੇ 80 ਫੀਸਦੀ ਪੰਜਾਬੀ ਸਨ। ਦੇਸ਼ ਲਈ ਜਾਨ ਵਾਰਨ ਦਾ ਜਜ਼ਬਾ ਸਾਨੂੰ ਸਾਡੇ ਗੁਰੂ ਸਾਹਿਬਾਨ ਤੋਂ ਮਿਲਿਆ ਹੈ। ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅੱਜ ਮੁਲਕ ਆਜ਼ਾਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੰਡ ਦਾ ਸੰਤਾਪ ਵੀ ਸਭ ਤੋਂ ਵੱਧ ਪੰਜਾਬ ਨੂੰ ਝਲਣਾ ਪਿਆ। ਅੱਜ ਪੰਜਾਬ ਤਰੱਕੀ ਦੇ ਰਾਹ ‘ਤੇ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਉਹ ਕੁਝ ਕੀਤਾ ਜੋ ਆਜ਼ਾਦੀ ਤੋਂ ਬਾਅਦ ਕਦੇ ਨਹੀਂ ਹੋਇਆ ਸੀ। ਪੰਜਾਬ ਵਿਚ 10 ਲੱਖ ਤੱਕ ਦਾ ਹਰ ਪਰਿਵਾਰ ਦਾ ਸਿਹਤ ਬੀਮਾਂ ਕੀਤਾ ਜਾ ਰਿਹਾ ਹੈ। ਜੋ 2 ਅਕਤੂਬਰ ਤੋਂ ਲਾਗੂ ਹੋ ਜਾਵੇਗਾ, ਇਸ ਵਿਚ ਕੋਈ ਫਾਰਮ ਨਹੀਂ ਭਰਨਾ ਪਵੇਗਾ, ਕੋਈ ਵੱਡਾ ਕੰਮ ਨਹੀਂ ਕਰਨਾ ਪਵੇਗਾ। ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਹੈ। ਉਨ੍ਹਾਂ ਦੱਸਿਆ ਕਿ 552 ਪ੍ਰਾਈਵੇਟ ਅਤੇ ਸਾਰੇ ਸਰਕਾਰੀ ਹਸਪਤਾਲ ਇਸ ਨਾਲ ਅਟੈਚ ਕੀਤੇ ਗਏ ਹਨ, ਜਦਕਿ 500 ਹਸਪਤਾਲ ਹੋਰ ਅਟੈਚ ਕੀਤਾ ਜੇ ਰਹੇ ਹਨ। ਜੇਕਰ ਪਰਿਵਾਰ ਵਿਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।