ਨੈਸ਼ਨਲ : ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ‘ਚ ਇੱਕ ਸੜਕ ਹਾਦਸੇ ‘ਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਗਨਦੀ ਥਾਣਾ ਖੇਤਰ ਦੇ ਚਿਰਚਰੀ ਪਿੰਡ ਨੇੜੇ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਛੇ ਲੋਕ ਆਕਾਸ਼ ਮੌਰੀਆ (28), ਗੋਵਿੰਦ (33), ਅਮਨ ਰਾਠੌਰ (26), ਨਿਤਿਨ ਯਾਦਵ (34), ਸੰਗਰਾਮ ਕੇਸਰੀ ਅਤੇ ਇੱਕ ਹੋਰ ਦੀ ਮੌਤ ਹੋ ਗਈ ਅਤੇ ਸਾਗਰ ਯਾਦਵ ਜ਼ਖਮੀ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਹੈ ਕਿ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸੱਤ ਲੋਕ ਇੱਕ ਕਾਰ ਵਿੱਚ ਸਵਾਰ ਹੋ ਕੇ ਉਜੈਨ ਵਿੱਚ ਮਹਾਕਾਲ ਦੇ ਦਰਸ਼ਨ ਕਰਨ ਤੋਂ ਬਾਅਦ ਓਡੀਸ਼ਾ ਦੇ ਜਗਨਨਾਥ ਪੁਰੀ ਦੇ ਦਰਸ਼ਨ ਕਰਨ ਗਏ ਸਨ। ਅੱਜ ਸਵੇਰੇ ਲਗਭਗ ਪੰਜ ਵਜੇ ਜਦੋਂ ਉਹ ਰਾਜਨੰਦਗਾਓਂ ਦੇ ਚਿਰਚਰੀ ਪਿੰਡ ਨੇੜੇ ਪਹੁੰਚੇ ਤਾਂ ਡਰਾਈਵਰ ਨੂੰ ਨੀਂਦ ਆ ਗਈ ਤੇ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਦੂਜੇ ਪਾਸੇ ਇੱਕ ਟਰੱਕ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੁਲਸ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਇੱਕ ਪੁਲਸ ਟੀਮ ਮੌਕੇ ‘ਤੇ ਭੇਜੀ ਗਈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਨੇੜਲੇ ਪਿੰਡ ਛੂਰੀਆ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਜ਼ਖਮੀ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖਮੀ ਵਿਅਕਤੀ ਨੂੰ ਰਾਜਨੰਦਗਾਓਂ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।