ਬਮਿਆਲ – ਪੰਜਾਬ ਵਿੱਚ ਸਤਲੁਜ ਅਤੇ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸੇ ਦੌਰਾਨ ਸਰਹੱਦੀ ਖੇਤਰ ਬਮਿਆਲ ਸੈਕਟਰ ਦੇ ਨਜ਼ਦੀਕ ਵਗਦਾ ਜਲਾਲੀਆ ਦਰਿਆ ਮੁੜ ਉਫਾਨ ਤੇ ਆ ਗਿਆ ਹੈ। ਪਾਣੀ ਦਾ ਪੱਧਰ ਪਹਿਲਾਂ ਨਾਲੋਂ ਦੋ ਗੁਣਾ ਵੱਧ ਚੁੱਕਾ ਹੈ ਜਿਸ ਕਾਰਨ ਇੱਥੇ ਹੜ੍ਹ ਵਰਗਾ ਦ੍ਰਿਸ਼ ਬਣ ਗਿਆ ਹੈ।
ਅੱਜ ਸਵੇਰੇ ਤੜਕੇ ਲਗਭਗ 4 ਵਜੇ ਜਦੋਂ ਪਿੰਡ ਅਨਿਆਲ ਦੇ ਘਰਾਂ ਵਿੱਚ ਅਚਾਨਕ ਪਾਣੀ ਦਾਖਲ ਹੋਇਆ ਤਾਂ ਲੋਕ ਹੈਰਾਨ ਰਹਿ ਗਏ। ਦਰਿਆ ਦੇ ਪਾਣੀ ਨੇ ਨਾ ਸਿਰਫ਼ ਅਨਿਆਲ ਪਿੰਡ ਸਗੋਂ ਮੁੱਠੀ, ਮਸਤਪੁਰ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਵੀ ਘਰਾਂ ਅਤੇ ਗਲੀਆਂ ਨੂੰ ਪਾਣੀ ਨਾਲ ਭਰ ਦਿੱਤਾ। ਇੱਕ ਹਫ਼ਤਾ ਪਹਿਲਾਂ ਵੀ ਜਲਾਲੀਆ ਦਰਿਆ ਦੇ ਵੱਧ ਪਾਣੀ ਨੇ ਵੱਡੇ ਪੱਧਰ ‘ਤੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਸੀ, ਹੁਣ ਫਿਰ ਉਹੀ ਸਥਿਤੀ ਬਣ ਗਈ ਹੈ।
ਬਮਿਆਲ ਖੇਤਰ ਤੋਂ ਨਿਕਲਣ ਵਾਲੀਆਂ ਕੁਝ ਸੜਕਾਂ ਪਾਣੀ ਹੇਠਾਂ ਆਉਣ ਕਾਰਨ ਬੰਦ ਹੋ ਚੁੱਕੀਆਂ ਹਨ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਲਗਾਏ ਗਏ ਸੋਲਰ ਪੈਨਲ ਅਤੇ ਕਈ ਪੋਲਟਰੀ ਫਾਰਮ ਵੀ ਪਾਣੀ ਵਿੱਚ ਡੁੱਬ ਗਏ ਹਨ। ਸਰਹੱਦੀ ਪਿੰਡ ਅਨਿਆਲ ਦੀਆਂ ਗਲੀਆਂ ਵਿੱਚ ਅੱਜ ਦਰਿਆ ਦਾ ਪਾਣੀ ਵੱਗਦਾ ਸਾਫ਼ ਦਿਖਾਈ ਦੇ ਰਿਹਾ ਹੈ।