ਅੰਮ੍ਰਿਤਸਰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਵਿਚ ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਸ਼ੁੱਕਰਵਾਰ ਨੂੰ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਟ੍ਰੇਨ ਵਿਚ ਬੰਬ ਦੀ ਅਫਵਾਹ ਨੇ ਸਨਸਨੀ ਮਚਾ ਦਿੱਤੀ। ਜਾਣਕਾਰੀ ਅਨੁਸਾਰ ਸਵੇਰੇ ਬੰਬ ਦੀ ਸੂਚਨਾ ਮਿਲਣ ’ਤੇ ਟ੍ਰੇਨ ਨੂੰ ਤੁਰੰਤ ਅੰਬਾਲਾ ਕੈਂਟ ਸਟੇਸ਼ਨ ’ਤੇ ਰੋਕ ਦਿੱਤਾ ਗਿਆ ਅਤੇ ਡੇਢ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰ ਕੇ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਵਿਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਸੀ। ਪੰਨੂ ਨੇ ਇਸ ਦੌਰਾਨ ਟ੍ਰੇਨਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ।
ਦੱਸਣਯੋਗ ਹੈ ਕਿ 15 ਅਗਸਤ ਨੂੰ ਟ੍ਰੇਨ ਸਵੇਰੇ 4:55 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਸੀ। ਜਦੋਂ ਟ੍ਰੇਨ ਆਪਣੇ ਨਿਰਧਾਰਤ ਸਮੇਂ ਸਵੇਰੇ 8:31 ਵਜੇ ਅੰਬਾਲਾ ਪਹੁੰਚੀ ਤਾਂ ਉੱਥੇ ਬੰਬ ਦੀ ਸੂਚਨਾ ਮਿਲੀ। ਇਸ ਨਾਲ ਉੱਥੇ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਸੇ ਸਮੇਂ ਪੁਲਸ ਨੇ ਮੌਕੇ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਬੰਬ ਸਕੁਐਡ ਵਲੋਂ ਟ੍ਰੇਨ ਦੇ ਹਰ ਡੱਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਕਾਫ਼ੀ ਦੇਰ ਤੱਕ ਭਾਲ ਕਰਨ ਦੇ ਬਾਵਜੂਦ ਟ੍ਰੇਨ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਹ ਆਜ਼ਾਦੀ ਦਿਵਸ ਲਈ ਇਕ ਰੂਟੀਨ ਚੈਕਿੰਗ ਸੀ ਅਤੇ ਹੋਰ ਕੁਝ ਨਹੀਂ।