ਹਾਜੀਪੁਰ : ਪੰਜਾਬ ਵਾਸੀਆਂ ਲਈ ਵੱਡੀ ਖ਼ਤਰੇ ਦੀ ਘੰਟੀ ਹੈ। ਦਰਅਸਲ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਖ਼ਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਪਾਣੀ ਦਾ ਪੱਧਰ ਪਹੁੰਚ ਗਿਆ ਹੈ। ਡੈਮ ਦੇ ਪਾਣੀ ਦਾ ਪੱਧਰ 1382.20 ਫੁੱਟ ‘ਤੇ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਹਿਮਾਚਲ ‘ਚ ਭਾਰੀ ਮੀਂਹ ਕਾਰਨ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।
ਇਸ ਕਾਰਨ ਤਲਵਾੜਾ ਸਥਿਤ ਸ਼ਾਹ ਨਹਿਰ ਬਰਾਜ ਦੇ 52 ਗੇਟਾਂ ‘ਚੋਂ 40 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਅਤੇ ਬਿਆਸ ਦਰਿਆ ‘ਚ ਭਾਰੀ ਮਾਤਰਾ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਸਮੇਂ ਬਿਆਸ ਦਰਿਆ ਪੂਰੇ ਊਫ਼ਾਨ ‘ਤੇ ਹੈ ਅਤੇ ਹਿਮਾਚਲ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੇਠਲੇ ਪਿੰਡਾਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ।