ਲੰਡਨ/ਵੁਲਵਰਹੈਂਪਟਨ : ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ‘ਚ 2 ਬਜ਼ੁਰਗ ਸਿੱਖਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਕਾਰਨ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਘਟਨਾ ਲੰਘੇ ਸ਼ੁੱਕਰਵਾਰ ਨੂੰ ਵਾਪਰੀ ਅਤੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ 2 ਬਜ਼ੁਰਗ ਸਿੱਖਾਂ ‘ਤੇ ਕੁਝ ਅੰਗਰੇਜ਼ ਨੌਜਵਾਨਾਂ ਵੱਲੋਂ ਨਸਲੀ ਟਿੱਪਣੀਆਂ ਕਰਦੇ ਹੋਏ ਹਮਲਾ ਕੀਤਾ ਗਿਆ ਸੀ। ਵੀਡੀਓ ਵਿੱਚ ਇੱਕ ਬਜ਼ੁਰਗ ਬੇਵੱਸ ਹਾਲਤ ਵਿੱਚ ਕਾਰ ਦੇ ਮੂਹਰੇ ਧਰਤੀ ‘ਤੇ ਬੈਠਾ ਨਜ਼ਰ ਆਉਂਦਾ ਹੈ, ਜਦਕਿ ਦੂਸਰੇ ਬਜ਼ੁਰਗ ਦੀ ਦਸਤਾਰ ਸੜਕ ‘ਤੇ ਡਿੱਗੀ ਹੋਈ ਹੈ ਅਤੇ ਨੌਜਵਾਨ ਉਸ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਨੌਜਵਾਨ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਜਦੋਂ ਹੀ ਉਹ ਆਪਣੇ ਪੈਰ ਦਾ ਠੁੱਡ ਬਜ਼ੁਰਗ ਦੇ ਸਿਰ ‘ਚ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਹੋਰ ਵਿਅਕਤੀ ਹਮਲਾਵਰ ਨੂੰ ਪਿਛਾਂਹ ਖਿੱਚ ਲੈਂਦਾ ਹੈ।
ਕਿਹਾ ਜਾ ਰਿਹਾ ਹੈ ਕਿ ਹਮਲੇ ਪਿੱਛੋਂ ਸਥਾਨਕ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲੇ ਦੇ ਸਬੰਧ ਵਿੱਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਨਸਲੀ ਹਿੰਸਾ (Racial violence) ਦਾ ਸ਼ੱਕ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਅਨੁਸਾਰ, ਹਮਲਾ ਸ਼ੁੱਕਰਵਾਰ ਦੁਪਹਿਰ ਲਗਭਗ 1:45 ਵਜੇ ਹੋਇਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 17, 19 ਅਤੇ 25 ਸਾਲ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।