ਬਰਨਾਲਾ-ਬਰਨਾਲੇ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਰੇਲਵੇ ਸਟੇਸ਼ਨ ਦੇ ਕੋਲ ਹੰਡਿਆਇਆ ਬਾਜ਼ਾਰ ਦੇ ਸਾਹਮਣੇ ਇੱਕੋ ਰਾਤ ਵਿਚ ਪੰਜ ਦੁਕਾਨਾਂ ’ਤੇ ਚੋਰੀ ਹੋਣ ਨਾਲ ਵਪਾਰੀ ਵਰਗ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਚੌਕ ਹਮੇਸ਼ਾਂ ਰੌਣਕ ਵਾਲਾ ਇਲਾਕਾ ਹੈ ਅਤੇ ਰਾਤ ਦੇ ਸਮੇਂ ਵੀ ਪੁਲਸ ਪਹਿਰੇਦਾਰੀ ਕਰਦੀ ਹੈ। ਫਿਰ ਵੀ ਇਸ ਤਰ੍ਹਾਂ ਦੀ ਵਾਰਦਾਤ ਹੋਣਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜੇ ਕਰਦਾ ਹੈ।
ਚੋਰ ਛੱਤ ਰਾਹੀਂ ਦਾਖ਼ਲ ਹੋਏ
ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਚੋਰ ਰਤਨ ਸਿਲੈਕਸ਼ਨ ਦੀ ਇਮਾਰਤ ਦੇ ਉੱਪਰ ਤੀਜੀ ਮੰਜ਼ਿਲ ਤੋਂ ਲੋਹੇ ਦਾ ਗੇਟ ਤੋੜ ਕੇ ਅੰਦਰ ਦਾਖਲ ਹੋਏ ਅਤੇ ਪੰਜ ਦੁਕਾਨਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਵੱਲੋਂ ਨਿਸ਼ਾਨਾ ਬਣਾਈਆਂ ਗਈਆਂ ਦੁਕਾਨਾਂ ਵਿਚ ਬਲਵਿੰਦਰ ਸਾਇਕਲ ਸਟੋਰ, ਸਿੰਗਲਾ ਸਾਇਕਲ ਸਟੋਰ, ਰਤਨ ਸਿਲੈਕਸ਼ਨ, ਹਰ ਸ਼੍ਰੀ ਨਾਥ ਡੇਅਰੀ ਅਤੇ ਕੁਮਾਰ ਮੈਡੀਕੋਜ਼ ਸ਼ਾਮਲ ਹਨ। ਬਲਵਿੰਦਰ ਸਾਇਕਲ ਸਟੋਰ ਦੇ ਮਾਲਕ ਪ੍ਰਵੀਨ ਸਿੰਗਲਾ ਨੇ ਦੱਸਿਆ ਕਿ ਚੋਰ ਸਿਰਫ ਗੱਲਾਂ ਵਿਚ ਹੀ ਹੱਥ ਮਾਰ ਕੇ ਲੈ ਗਏ ਹਨ। ਉਸਨੇ ਕਿਹਾ ਕਿ ਉਸਦਾ ਕਰੀਬ 8 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਹੋਰ ਸਮਾਨ ਕਿੰਨਾ ਚੋਰੀ ਹੋਇਆ ਹੈ, ਇਸ ਬਾਰੇ ਫਿਲਹਾਲ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।