Thursday, August 21, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਗੁਰਮੀਤ ਸਿੰਘ ਖੁੱਡੀਆਂ ਵੱਲੋਂ "ਪੰਜਾਬ ਇਨ ਫਰੇਮਜ਼" ਫੋਟੋ ਪ੍ਰਦਰਸ਼ਨੀ ਦਾ ਉਦਘਾਟਨ

ਗੁਰਮੀਤ ਸਿੰਘ ਖੁੱਡੀਆਂ ਵੱਲੋਂ “ਪੰਜਾਬ ਇਨ ਫਰੇਮਜ਼” ਫੋਟੋ ਪ੍ਰਦਰਸ਼ਨੀ ਦਾ ਉਦਘਾਟਨ

 

ਚੰਡੀਗੜ੍ਹ, 20 ਅਗਸਤ:

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇੱਥੇ ਸੈਕਟਰ-16, ਸਥਿਤ ਪੰਜਾਬ ਕਲਾ ਪ੍ਰੀਸ਼ਦ ਦੇ ਕਲਾ ਸੰਗਮ ਵਿਖੇ ਇੱਕ ਫੋਟੋ ਪ੍ਰਦਰਸ਼ਨੀ “ਪੰਜਾਬ ਇਨ ਫਰੇਮਜ਼” ਦਾ ਉਦਘਾਟਨ ਕੀਤਾ। ਇਹ ਕਲਾਤਮਕ ਪ੍ਰਦਰਸ਼ਨੀ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਕੈਮਰੇ ਵਿੱਚ ਕੈਦ ਕੀਤੇ ਮਨਮੋਹਕ ਦ੍ਰਿਸ਼ਾਂ ਨੂੰ ਪੇਸ਼ ਕਰਦੀ ਹੈ ਅਤੇ ਉਨ੍ਹਾਂ ਨੇ ਇਹ ਪ੍ਰਦਰਸ਼ਨੀ ਵਿਸ਼ਵ ਫੋਟੋਗ੍ਰਾਫੀ ਦਿਵਸ-2025 ਨੂੰ ਸਮਰਪਿਤ ਕੀਤੀ ਹੈ।

ਇਸ ਪ੍ਰਦਰਸ਼ਨੀ ਦੌਰਾਨ ਦੁਰਲੱਭ ਦ੍ਰਿਸ਼ਾਂ ਨੂੰ ਨਿਹਾਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ‘ਪੰਜਾਬ ਇਨ ਫਰੇਮਜ਼’ ਪ੍ਰਦਰਸ਼ਨੀ ਸ੍ਰੀ ਸੰਧੂ ਦੀ ਇੱਕ ਵਿਲੱਖਣ ਕੋਸ਼ਿਸ਼ ਹੈ ਜੋ ਦ੍ਰਿਸ਼ਟੀਗਤ ਤੌਰ ‘ਤੇ ਦਿਲਚਸਪ ਕਹਾਣੀ ਰਾਹੀਂ ਸੂਬੇ ਦੀ ਜੀਵੰਤ ਕੁਦਰਤੀ ਸੁੰਦਰਤਾ, ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੰਧੂ ਦੀਆਂ ਤਸਵੀਰਾਂ ਸੂਬੇ ਦੇ ਹਰੇ ਭਰੇ ਖੇਤਾਂ ਤੋਂ ਲੈ ਕੇ ਪ੍ਰਾਚੀਨ ਸਮਾਰਕਾਂ, ਪਵਿੱਤਰ ਧਾਰਮਿਕ ਅਸਥਾਨਾਂ ਅਤੇ ਪੇਂਡੂ ਪਰੰਪਰਾਵਾਂ ਤੱਕ ਪੰਜਾਬ ਨੂੰ ਖੂਬਸੂਰਤ ਢੰਗ ਨਾਲ ਉਲੀਕਦੀਆਂ ਹਨ। ਇਸ ਉਪਰਾਲੇ ਦਾ ਉਦੇਸ਼ ਸਮਾਜ ਵਿੱਚ, ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ, ਪੰਜਾਬ ਦੀ ਅਮੀਰ ਸ਼ਾਨਦਾਰ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਬਾਰੇ ਕਦਰ, ਜਾਗਰੂਕਤਾ ਅਤੇ ਮਾਣ ਪੈਦਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਝ ਨਾਲ ਤਿਆਰ ਕੀਤੀ ਗਈ ਇਹ ਪ੍ਰਦਰਸ਼ਨੀ ਇੱਕ ਡੂੰਘਾ ਅਨੁਭਵ ਪ੍ਰਦਾਨ ਕਰਦੀ ਹੈ ਅਤੇ ਸ੍ਰੀ ਸੰਧੂ ਦੇ ਦ੍ਰਿਸ਼ਟੀਕੋਣ ਰਾਹੀਂ ਸੈਲਾਨੀਆਂ ਨੂੰ ਪੰਜਾਬ ਦੀ ਵਿਲੱਖਣ ਸੁੰਦਰਤਾ ਦੀ ਝਲਕ ਪ੍ਰਦਾਨ ਕਰਦੀ ਹੈ।

ਇਸ ਦੌਰਾਨ ਮੁੱਖ ਸੂਚਨਾ ਕਮਿਸ਼ਨਰ, ਪੰਜਾਬ ਸ. ਇੰਦਰਪਾਲ ਸਿੰਘ ਧੰਨਾ ਨੇ ਸ੍ਰੀ ਹਰਪ੍ਰੀਤ ਸੰਧੂ ਦੇ ਸ਼ਾਨਦਾਰ ਉਪਰਾਲੇ ਅਤੇ ਫੋਟੋਗ੍ਰਾਫੀ ਦੇ ਸ਼ਕਤੀਸ਼ਾਲੀ ਮਾਧਿਅਮ ਰਾਹੀਂ ਪੰਜਾਬ ਦੀ ਸੱਭਿਆਚਾਰਕ, ਕੁਦਰਤੀ ਅਤੇ ਅਧਿਆਤਮਿਕ ਪਛਾਣ ਨੂੰ ਉਤਸ਼ਾਹਿਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਵੀ ਨੇ ਵੀ ਸ੍ਰੀ ਹਰਪ੍ਰੀਤ ਸੰਧੂ ਦੀ ਸਮਾਜ ਪ੍ਰਤੀ ਸ਼ਲਾਘਾਯੋਗ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਸੰਧੂ ਦੀ ਕਲਾਤਮਕ ਪਕੜ ਅਤੇ “ਪੰਜਾਬ ਇਨ ਫਰੇਮਜ਼” ਦਾ ਸਾਰ ਸੂਬੇ ਦੀ ਵਿਰਾਸਤ, ਵਾਤਾਵਰਣ ਅਤੇ ਸੱਭਿਆਚਾਰ ਨੂੰ ਸੰਭਾਲਣ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ ਦਾ ਮੌਕਾ ਪ੍ਰਦਾਨ ਕਰੇਗੀ।

ਇਸ ਫੋਟੋ ਪ੍ਰਦਰਸ਼ਨੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਵਿੱਚ ਪ੍ਰਮੁੱਖ ਸਿੱਖਿਆ ਸ਼ਾਸਤਰੀ, ਕਲਾ ਪ੍ਰੇਮੀ ਅਤੇ ਪ੍ਰਸਿੱਧ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਹਰਪ੍ਰੀਤ ਸੰਧੂ ਦੇ ਸੰਕਲਪ ਅਤੇ ਕਲਾਤਮਕ ਯਤਨਾਂ ਦੀ ਸ਼ਲਾਘਾ ਕੀਤੀ। ਇਹ ਪ੍ਰਦਰਸ਼ਨੀ 21 ਅਗਸਤ ਸ਼ਾਮ ਤੱਕ ਚੰਡੀਗੜ੍ਹ ਸਥਿਤ ਪੰਜਾਬ ਕਲਾ ਪ੍ਰੀਸ਼ਦ ਵਿਖੇ ਜਨਤਾ ਲਈ ਖੁੱਲ੍ਹੀ ਰਹੇਗੀ ਅਤੇ ਵਿਦਿਆਰਥੀ, ਖੋਜਕਰਤਾ ਤੇ ਕਲਾ ਪ੍ਰੇਮੀ ਇਸ ਵਿਲੱਖਣ ਪ੍ਰਦਰਸ਼ਨੀ ਦਾ ਆਨੰਦ ਮਾਣ ਸਕਦੇ ਹਨ।