ਓਵੈਸੀ ਦੇ ਸੰਸਦ ਮੈਂਬਰ ਵੱਜੋਂ ਸਹੁੰ ਚੁੱਕਣ ਦੌਰਾਨ ਲਗਾਏ ਫਿਲਿਸਤੀਨ ਦੇ ਨਾਅਰੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ‘ਜੈ ਫਿਲਿਸਤੀਨ’ ਦੇ ਨਾਅਰੇ ਨੂੰ ਸੰਵਿਧਾਨ ਦੇ ਵਿਰੁੱਧ ਕਰਾਰ ਦਿੰਦੇ ਹੋਏ ਸੱਤਾਧਿਰ ਭਾਜਪਾ ਲਗਾਤਾਰ ਓਵੈਸੀ ਨੂੰ ਨਿਸ਼ਾਨੇ ’ਤੇ ਲੈ ਰਹੀ ਹੈ।
ਦਰਅਸਲ ਏਆਈਐੱਮਆਈਐੱਮ ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਉਰਦੂ ਵਿੱਚ ਸਹੁੰ ਚੁੱਕਣ ਤੋਂ ਬਾਅਦ ਓਵੈਸੀ ਨੇ ਜੈ ਭੀਮ, ਜੈ ਮੀਮ, ਜੈ ਤੇਲੰਗਾਨਾ ਅਤੇ ਜੈ ਫਲਸਤੀਨ ਦਾ ਨਾਅਰਾ ਲਗਾਇਆ। ਓਵੈਸੀ ਦੇ ਇਸੇ ਨਾਅਰੇ ਨੂੰ ਭਾਜਪਾ ਨੇਤਾਵਾਂ ਨੇ ਸੰਵਿਧਾਨ ਦੇ ਵਿਰੁੱਧ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਓਵੈਸੀ ਨੇ ਸੰਸਦ ਦੇ ਬਾਹਰ ਉਨ੍ਹਾਂ ਦੇ ਨਾਅਰਿਆਂ ‘ਤੇ ਮੀਡੀਆ ਨੂੰ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜੈ ਭੀਮ, ਜੈ ਮੀਮ, ਜੈ ਤੇਲੰਗਾਨਾ ਅਤੇ ਜੈ ਫਿਲਿਸਤੀਨ ਕਿਹਾ ਹੈ। ਇਹ ਸੰਵਿਧਾਨ ਦੇ ਵਿਰੁੱਧ ਕਿਵੇਂ ਹੈ, ਸਾਬਿਤ ਕਰੋ। ਜੈ ਫਿਲਿਸਤੀਨ ਕਹਿਣ ਦਾ ਕਾਰਨ ਮਜ਼ਲੂਮਾਂ ਦੀ ਆਵਾਜ਼ ਹੈ। ਮਹਾਤਮਾ ਗਾਂਧੀ ਨੇ ਫਿਲਿਸਤੀਨ ਬਾਰੇ ਕੀ ਕਿਹਾ ਸੀ? ਇਸ ਬਾਰੇ ਤੁਸੀ ਪੜ੍ਹ ਕੇ ਦੇਖ ਲਓ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਓਵੈਸੀ ਦੇ ਇੰਨ੍ਹਾਂ ਨਾਅਰਿਆਂ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਫਿਲਿਸਤੀਨ ਜਾਂ ਕਿਸੇ ਹੋਰ ਦੇਸ਼ ਨਾਲ ਕੋਈ ਦੁਸ਼ਮਣੀ ਨਹੀਂ ਹੈ। ਨਾਲ ਹੀ ਸਵਾਲ ਖੜੇ ਕਰਦੇ ਹੋਏ ਰਿਜਿਜੂ ਨੇ ਕਿਹਾ ਕਿ ਕੀ ਸਹੁੰ ਚੁੱਕਦੇ ਸਮੇਂ ਕਿਸੇ ਮੈਂਬਰ ਲਈ ਕਿਸੇ ਹੋਰ ਦੇਸ਼ ਦੀ ਪ੍ਰਸ਼ੰਸਾ ਵਿੱਚ ਨਾਅਰੇਬਾਜ਼ੀ ਕਰਨਾ ਉਚਿਤ ਹੈ? ਸਾਨੂੰ ਨਿਯਮਾਂ ਦੀ ਜਾਂਚ ਕਰਨੀ ਹੋਵੇਗੀ ਕਿ ਇਹ ਉਚਿਤ ਹੈ ਜਾਂ ਨਹੀਂ।
ਇਸ ਦੇ ਨਾਲ ਹੀ ਦੂਜੇ ਪਾਸੇ ਭਾਜਪਾ ਦੇ ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਵੀ ਓਵੈਸੀ ਦੇ ਜੈ ਫਿਲਿਸਤੀਨ ਦੇ ਨਾਅਰੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸੰਸਦ ਵਿੱਚ ਏਆਈਐੱਮਆਈਐੱਮ ਦੇ ਸੰਸਦ ਅਸਦੁਦੀਨ ਓਵੈਸੀ ਵੱਲੋਂ ਲਗਾਇਆ ਗਿਆ ‘ਜੈ ਫਲਸਤੀਨ’ ਦਾ ਨਾਅਰਾ ਬਿਲਕੁਲ ਗਲਤ ਹੈ। ਇਹ ਸਦਨ ਦੇ ਨਿਯਮਾਂ ਦੇ ਵਿਰੁੱਧ ਹੈ। ਉਹ (ਓਵੈਸੀ) ਭਾਰਤ ਵਿੱਚ ਰਹਿ ਕੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਤਾਂ ਲਗਾਉਂਦੇ ਨਹੀਂ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਲੋਕ ਦੇਸ਼ ਵਿੱਚ ਰਹਿੰਦੇ ਹੋਏ ਗੈਰ-ਸੰਵਿਧਾਨਕ ਕੰਮ ਕਰਦੇ ਹਨ।