ਨੈਸ਼ਨਲ- ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਭਾਰਤ ਨੇ ਇਕ ਹੋਰ ਵੱਡਾ ਕਦਮ ਚੁੱਕਦਿਆਂ ਆਪਣੇ ਹਵਾਈ ਖੇਤਰ ’ਚ ਪਾਕਿਸਤਾਨੀ ਜਹਾਜ਼ਾਂ ’ਤੇ ਪਾਬੰਦੀ 24 ਸਤੰਬਰ ਤੱਕ ਲਈ ਵਧਾ ਦਿੱਤੀ ਹੈ।
ਪਾਕਿਸਤਾਨ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਵੀ 24 ਸਤੰਬਰ ਤੱਕ ਵਧਾ ਦਿੱਤੀ ਹੈ। ਦੋਵਾਂ ਦੇਸ਼ਾਂ ਨੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਵਧਾਉਣ ਲਈ ‘ਏਅਰਮੈਨਾਂ ਨੂੰ ਨੋਟਿਸ’ (NOTAM) ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪਹਿਲਗਾਮ ’ਚ 22 ਅਪ੍ਰੈਲ ਨੂੰ ਅੱਤਵਾਦੀ ਹਮਲੇ ’ਚ 26 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਨੇ 30 ਅਪ੍ਰੈਲ ਤੋਂ ਪਾਕਿਸਤਾਨ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਓਦੋਂ ਤੋਂ ਭਾਰਤ ਪਾਬੰਦੀ ਦੀ ਮਿਆਦ ਵਧਾਉਂਦਾ ਰਿਹਾ ਹੈ।
‘ਨੋਟਿਸ-ਟੂ-ਏਅਰਮੈਨ’ ਦੇ ਅਨੁਸਾਰ ਭਾਰਤੀ ਹਵਾਈ ਖੇਤਰ ਪਾਕਿਸਤਾਨ ਵਿਚ ਰਜਿਸਟਰਡ ਜਹਾਜ਼ਾਂ ਤੇ ਪਾਕਿਸਤਾਨੀ ਏਅਰਲਾਈਨਾਂ/ਆਪ੍ਰੇਟਰਾਂ ਵੱਲੋਂ ਸੰਚਾਲਿਤ/ਮਾਲਕੀ ਵਾਲੇ ਜਾਂ ਲੀਜ਼ ’ਤੇ ਲਏ ਗਏ ਜਹਾਜ਼ਾਂ, ਜਿਨ੍ਹਾਂ ਵਿਚ ਫੌਜੀ ਉਡਾਣਾਂ ਵਿਚ ਸ਼ਾਮਲ ਹਨ, ਲਈ ਉਪਲਬਧ ਨਹੀਂ ਹੋਵੇਗਾ।