ਅੰਮ੍ਰਿਤਸਰ -ਜ਼ਿਲ੍ਹਾ ਆਬਕਾਰੀ ਵਿਭਾਗ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਨੂੰ ਸੁਰੱਖਿਅਤ ਕਰਨ ਅਤੇ ਗੈਰ-ਕਾਨੂੰਨੀ ਤੌਰ ’ਤੇ ਬਾਹਰੋਂ ਆਈ ਸ਼ਰਾਬ ਨੂੰ ਰੋਕਣ ਲਈ ਹਰ ਤਰ੍ਹਾਂ ਨਾਲ ਸੁਚੇਤ ਹੈ। ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਮਸ਼ਹੂਰ ਬਾਰਾਂ ਚ ਨਿਰੰਤਰ ਇੰਸਪੈਕਸ਼ਨ ਕੀਤੀ ਜਾ ਰਹੀ ਹੈ। ਇਸ ਲੜੀ ’ਚ ਅੰਮ੍ਰਿਤਸਰ ਦੇ ਮਸ਼ਹੂਰ ਬੀਅਰ ਅਤੇ ਹਾਰਡ-ਲਿੱਕਰ ਬਾਰਾਂ ’ਚ ਨਾਮਵਰ ਦਿ ਕਬੀਲਾ ਬਾਰ, ਦਿ ਬਾਗ ਬਾਰ, ਹੋਟਲ ਹਯਾਤ ਬਾਰ, ਆਰ. ਆਰ. ਵੀ. ਹੋਟਲ ਬੀਅਰ ਬਾਰ, ਬੋਬੀ ਕਿਊ. ਨੇਸ਼ਨ ਅਤੇ ਬਾਰ ਰੈੱਡ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬਾਰਾਂ ਦਾ ਰਿਕਾਰਡ ਜਾਂਚਿਆਂ ਗਿਆ। ਇਹ ਕਾਰਵਾਈ ਪੰਜਾਬ ਆਬਕਾਰੀ ਵਿਭਾਗ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ।
ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਦੀ ਨਿਗਰਾਨੀ ਹੇਠ ਉਕਤ ਮਸ਼ਹੂਰ ਬਾਰਾਂ ਦੇ ਸਰਵੇਖਣ ਅਤੇ ਚੈਕਿੰਗ ਲਈ ਇੰਸਪੈਕਟਰ ਆਰ. ਐੱਸ. ਬਾਜਵਾ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ ਸੀ। ਇੰਸਪੈਕਟਰ ਆਰ. ਐੱਸ. ਬਾਜਵਾ ਨੇ ਦੱਸਿਆ ਕਿ ਬਾਹਰੀ ਸਰਕਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਲਿਆਉਣ ਵਾਲੇ ਸ਼ਹਿਰ ਦੇ ਕਈ ਹਿੱਸਿਆਂ ’ਚ ਸਰਗਰਮ ਹੋ ਰਹੇ ਹਨ ਕਿਉਂਕਿ ਸਰਕਾਰ ਨੇ ਕਿਹਾ ਹੈ ਕਿ ਦੂਜੇ ਸਰਕਲਾਂ ਤੋਂ ਆਉਣ ਵਾਲੀ ਸ਼ਰਾਬ ਨੂੰ ਕਿਸੇ ਵੀ ਜਗ੍ਹਾ ’ਤੇ ਵੇਚਿਆ ਜਾਂ ਸੇਵਨ ਨਹੀਂ ਜਾ ਸਕਦਾ ਹੈ। ਹਾਲਾਂਕਿ ਇਸ ਪੂਰੀ ਰੇਡ ਦੇ ਬਾਵਜੂਦ ਵਿਭਾਗ ਨੂੰ ਉਕਤ ਵੱਡੇ ਬਾਰਾਂ ’ਤੇ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਸਾਹਮਣੇ ਨਹੀਂ ਆਈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਹਮੇਸ਼ਾ ਸਾਵਧਾਨੀ ਨਾਲ ਕੰਮ ਕਰਦਾ ਹੈ ਤਾਂ ਜੋ ਕੋਈ ਗਲਤੀ ਨਾ ਹੋਵੇ।