ਚੇਨੱਈ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੇਨੱਈ ਪੁੱਜੇ। ਇੱਥੇ ਉਨ੍ਹਾਂ ਨੇ ਚੇਨੱਈ ਦੇ ਸਰਕਾਰੀ ਸਕੂਲਾਂ ‘ਚ ਸੀ. ਐੱਮ. ਬ੍ਰੇਕਫਾਸਟ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਰੱਖੇ ਸਮਾਗਮ ‘ਚ ਸ਼ਿਰੱਕਤ ਕੀਤੀ ਅਤੇ ਬੱਚਿਆਂ ਨਾਲ ਬ੍ਰੇਕਫਾਸਟ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਕੀਮ ਨੂੰ ਪੰਜਾਬ ‘ਚ ਵੀ ਸ਼ੁਰੂ ਕਰਨ ਸਬੰਧੀ ਆਪਣੀ ਕੈਬਨਿਟ ਨਾਲ ਵਿਚਾਰ-ਵਟਾਂਦਰਾ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬੀ ਸਾਰੇ ਦੇਸ਼ ਦਾ ਢਿੱਡ ਭਰਦੇ ਹਨ ਅਤੇ ਪੰਜਾਬ ‘ਚ ਵੀ ਸਾਊਥ ਇੰਡੀਅਨ ਖਾਣੇ ਨੂੰ ਪਸੰਦ ਕੀਤਾ ਜਾਂਦਾ ਹੈ, ਉੱਥੇ ਹੀ ਸਾਡਾ ਪੰਜਾਬੀਆਂ ਦਾ ਭੋਜਨ ਥੋੜ੍ਹਾ ਭਾਰੀ ਹੁੰਦਾ ਹੈ, ਜਿਵੇਂ ਕਿ ਪਰਾਂਠਾ, ਮੱਖਣ ਲੱਸੀ ਪਰ ਸਾਊਥ ਭੋਜਨ ਬੱਚਿਆਂ ਲਈ ਕਾਫ਼ੀ ਫ਼ਾਇਦੇਮੰਦ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਸਾਰੀਆਂ ਗਰੀਬ ਮਾਵਾਂ ਜਿਨ੍ਹਾਂ ਨੇ ਕੰਮ ‘ਤੇ ਜਾਣਾ ਹੁੰਦਾ ਹੈ, ਉਹ ਇਸ ਲਈ ਬੱਚੇ ਨੂੰ ਸਕੂਲ ਨਹੀਂ ਭੇਜਦੀਆਂ ਕਿ ਖਾਣਾ ਕਿਵੇਂ ਬਣਾਉਣਾ ਹੈ ਪਰ ਇਸ ਸਕੀਮ ਨਾਲ ਉਨ੍ਹਾਂ ਨੂੰ ਬੱਚੇ ਦੇ ਖਾਣੇ ਦੀ ਕੋਈ ਫ਼ਿਕਰ ਨਹੀਂ ਹੈ।