ਗੁਰਦਾਸਪੁਰ/ਸ੍ਰੀ ਕਰਤਾਰਪੁਰ ਸਾਹਿਬ : ਰਾਵੀ ਦਰਿਆ ‘ਚ ਆਏ ਭਿਆਨਕ ਹੜ੍ਹ ਨੇ ਜਿੱਥੇ ਭਾਰਤੀ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਇਸ ਦਾ ਸਿੱਧਾ ਅਸਰ ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਤੇ ਵੀ ਪਿਆ ਹੈ। ਜਾਣਕਾਰੀ ਅਨੁਸਾਰ ਗੁਰਦੁਆਰੇ ਦੇ ਅੰਦਰ 4 ਤੋਂ 5 ਫੁੱਟ ਤੱਕ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਗੁਰਦੁਆਰੇ ਦੀਆਂ ਸਾਰੀਆਂ ਧਾਰਮਿਕ ਗਤੀਵਿਧੀਆਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਸਰਹੱਦ ਪਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਬੀਤੀ ਰਾਤ ਰਾਵੀ ਦਰਿਆ ਦੇ ਵਧੇ ਵਹਾਅ ਕਾਰਨ ਧੁੱਸੀ ਬੰਨ੍ਹ ਕਈ ਥਾਵਾਂ ’ਤੇ ਟੁੱਟ ਗਿਆ, ਜਿਸ ਨਾਲ ਭਾਰਤੀ ਖੇਤਰਾਂ ਦੇ ਨਾਲ-ਨਾਲ ਪਾਕਿਸਤਾਨੀ ਪਾਸੇ ਵੀ ਪਾਣੀ ਭਰ ਗਿਆ। ਇਸ ਕਰਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਮੁੱਖ ਇਮਾਰਤ, ਲੰਗਰ ਘਰ, ਜੋੜਾ ਘਰ ਅਤੇ ਪ੍ਰਦਰਸ਼ਨੀ ਹਾਲ ਆਦਿ ਵੀ ਪਾਣੀ ਨਾਲ ਭਰ ਗਏ ਹਨ।