ਜਲੰਧਰ –ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ‘ਆਸਾਨ ਰਜਿਸਟਰੀ ਸਿਸਟਮ’ ਦੇਣ ਦੇ ਨਾਂ ’ਤੇ ਸ਼ੁਰੂ ਕੀਤਾ ਗਿਆ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਹੁਣ ਲੋਕਾਂ ਲਈ ਸਿਰਦਰਦ ਬਣ ਗਿਆ ਹੈ, ਜਿਸ ਦੀ ਵਜ੍ਹਾ ਹੈ ਕਿ ਸਰਕਾਰ ਨੇ ਸੂਬੇ ਭਰ ਦੇ ਸਬ-ਰਜਿਸਟਰਾਰ/ਤਹਿਸੀਲਦਾਰਾਂ ਲਈ ਹਾਲ ਹੀ ਵਿਚ 11 ਤੋਂ ਵਧਾ ਕੇ 33 ਨਵੇਂ ਆਬਜੈਕਸ਼ਨ ਪੁਆਇੰਟਸ ਜੋੜ ਕੁੱਲ੍ਹ 44 ਬਣਾ ਦਿੱਤਾ ਹੈ। ਹੁਣ ਹਰ ਸਬ-ਰਜਿਸਟਰਾਰ ਅਤੇ ਤਹਿਸੀਲਦਾਰ ਨੂੰ ਆਪਣੀ ਆਈ. ਡੀ. ਵਿਚ ਆਉਣ ਵਾਲੇ ਦਸਤਾਵੇਜ਼ਾਂ ਦੀਆਂ ਇਨ੍ਹਾਂ 44 ਪੁਆਇੰਟਾਂ ’ਤੇ ਡੂੰਘੀ ਸਕਰੂਟਨੀ ਕਰਨੀ ਹੋਵੇਗੀ।
ਸਬ-ਰਜਿਸਟਰਾਰ-2 ਦਫ਼ਤਰ ਵਿਚ ਤਾਇਨਾਤ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਅਤੇ ਰਵਨੀਤ ਕੌਰ ਅਤੇ ਸਬ-ਰਜਿਸਟਰਾਰ-1 ਦਫ਼ਤਰ ਵਿਚ ਤਾਇਨਾਤ ਨਾਇਬ ਤਹਿਸੀਲਦਾਰ ਦਮਨਵੀਰ ਸਿੰਘ ਅਤੇ ਗੁਰਮਨ ਗੋਲਡੀ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਦਸਤਾਵੇਜ਼ਾਂ ਦੀ ਚੈਕਿੰਗ ਅਤੇ ਪੁਸ਼ਟੀ ਦਾ ਕੰਮ ਸ਼ੁਰੂ ਕਰ ਦਿੱਤਾ ਹੋਇਆ ਹੈ।
ਕਾਲੋਨਾਈਜ਼ਰ ਗਗਨ ਕਪੂਰ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੇ ਈਜ਼ੀ ਰਜਿਸਟ੍ਰੇਸ਼ਨ ਜ਼ਰੀਏ ਲੋਕਾਂ ਨੂੰ ਆਨਲਾਈਨ ਅਤੇ ਪਾਰਦਰਸ਼ੀ ਸਹੂਲਤ ਦੇਣ ਦਾ ਦਾਅਵਾ ਕੀਤਾ ਸੀ ਪਰ ਹੁਣ ਹਰ ਰਜਿਸਟਰੀ ਲਈ 44 ਚੈੱਕ ਲਿਸਟ ਪੁਆਇੰਟਾਂ ਦੀ ਰੁਕਾਵਟ ਨੇ ਇਸ ਨੂੰ ਉਲਟਾ ਅਤੇ ਗੁੰਝਲਦਾਰ ਬਣਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਸਿਸਟਮ ਨੂੰ ਆਸਾਨ ਕਰਨ ਦੀ ਬਜਾਏ ਹੋਰ ਉਲਝਾਉਣ ਵਾਲਾ ਹੈ।