ਢਾਕਾ : ਬੰਗਲਾਦੇਸ਼ ਦੇ ਉੱਚ ਜੇਲ੍ਹ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਲਗਭਗ 700 ਅਜੇ ਵੀ ਫਰਾਰ ਹਨ, ਜਿਨ੍ਹਾਂ ‘ਚ ਕਈ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਅਤੇ ਇਸਲਾਮੀ ਅੱਤਵਾਦੀ ਸ਼ਾਮਲ ਹਨ। ਦੱਸ ਦਈਏ ਕਿ ਪਿਛਲੇ ਸਾਲ ਜੁਲਾਈ ‘ਚ ਹੋਏ ਵਿਦਰੋਹ ਦੌਰਾਨ ਲਗਭਗ 2,700 ਕੈਦ ਫਰਾਰ ਹੋ ਗਏ ਸਨ। ਇੰਸਪੈਕਟਰ ਜਨਰਲ (ਆਈਜੀ) ਜੇਲ੍ਹਾਂ ਬ੍ਰਿਗੇਡੀਅਰ ਜਨਰਲ ਸਈਦ ਮੁਤਹਾਰ ਹੁਸੈਨ ਨੇ ਮੰਗਲਵਾਰ ਨੂੰ ਕਿਹਾ ਕਿ ਜੁਲਾਈ 2024 ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਕੈਦੀ ਜੇਲ੍ਹਾਂ ਵਿੱਚੋਂ ਭੱਜ ਗਏ ਸਨ। ਉਨ੍ਹਾਂ ਨੇ ਸਰਕਾਰੀ ਸਮਾਚਾਰ ਏਜੰਸੀ ਬੀਐੱਸਐੱਸ ਨੂੰ ਦੱਸਿਆ, “ਭੱਜਣ ਵਾਲੇ ਕੈਦੀਆਂ ਵਿੱਚ ਨੌਂ ਇਸਲਾਮੀ ਅੱਤਵਾਦੀ ਅਤੇ 69 ਉਹ ਦੋਸ਼ੀ ਸ਼ਾਮਲ ਹਨ ਜਿਨ੍ਹਾਂ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।”
ਸੱਤ ਮਹੀਨੇ ਪਹਿਲਾਂ, ਗ੍ਰਹਿ ਮਾਮਲਿਆਂ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜਹਾਂਗੀਰ ਆਲਮ ਚੌਧਰੀ ਨੇ ਕਿਹਾ ਸੀ ਕਿ ਲਗਭਗ 700 ਕੈਦੀ ਅਜੇ ਵੀ ਜੇਲ੍ਹ ਤੋਂ ਬਾਹਰ ਹਨ। ਜੇਲ੍ਹ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਬਹੁਤ ਸਾਰੇ ਆਮ ਕੈਦੀ ਆਪਣੀ ਮਰਜ਼ੀ ਨਾਲ ਵਾਪਸ ਆ ਗਏ, ਕਿਉਂਕਿ ਉਨ੍ਹਾਂ ਦੀ ਸਜ਼ਾ ਲਗਭਗ ਪੂਰੀ ਹੋ ਗਈ ਸੀ ਅਤੇ ਉਹ ਜੇਲ੍ਹ ਤੋਂ ਭੱਜਣ ਦੇ ਦੋਸ਼ ਤੋਂ ਬਚਣਾ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਦੀ ਸਜ਼ਾ ਹੋਰ ਨਾ ਵਧਾਈ ਜਾਵੇ। ਹੁਸੈਨ ਨੇ ਇਹ ਵੀ ਕਿਹਾ ਕਿ ਅੰਤਰਿਮ ਸਰਕਾਰ ਨੇ ਹੁਣ ਜੇਲ੍ਹਾਂ ਨੂੰ ‘ਸੁਧਾਰ ਕੇਂਦਰ’ ਕਹਿਣ ਅਤੇ ‘ਜੇਲ੍ਹ ਵਿਭਾਗ’ ਦਾ ਨਾਮ ਬਦਲ ਕੇ ‘ਸੁਧਾਰ ਸੇਵਾਵਾਂ ਬੰਗਲਾਦੇਸ਼’ ਰੱਖਣ ਦਾ ਫੈਸਲਾ ਕੀਤਾ ਹੈ।