ਬਠਿੰਡਾ : ਪੰਜਾਬ ਦੇ ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਉਦਯੋਗਾਂ ਦੇ ਵਿਕਾਸ ਅਤੇ ਨਵੇਂ ਨਿਵੇਸ਼ ਲਈ ਇੱਕ ਕਾਰੋਬਾਰ-ਅਨੁਕੂਲ ਵਾਤਾਵਰਣ ਬਣਾਉਣ ਲਈ ਵਚਨਬੱਧ ਤੇ ਯਤਨਸ਼ੀਲ ਹੈ। ਉਹ ਬੀਤੇ ਦਿਨ ਬਠਿੰਡਾ ਵਿੱਚ ਆਯੋਜਿਤ “ਰਾਈਜ਼ਿੰਗ ਪੰਜਾਬ – ਸੁਝਾਅ ਤੋਂ ਹੱਲ ਤੱਕ” ਸਮਾਗਮ ਦੌਰਾਨ ਸੱਤ ਜ਼ਿਲ੍ਹਿਆਂ ਤੋਂ ਪਹੁੰਚੇ ਉਦਯੋਗਪਤੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ, ਮਾਸਟਰ ਜਗਸੀਰ ਸਿੰਘ, ਸੁਖਬੀਰ ਸਿੰਘ ਮਾਈਸਰਖਾਨਾ, ਮੇਅਰ ਪਦਮਜੀਤ ਸਿੰਘ ਮਹਿਤਾ, ਪ੍ਰਬੰਧਕੀ ਸਕੱਤਰ ਕਮਲ ਕਿਸ਼ੋਰ ਯਾਦਵ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਐੱਸਐੱਸਪੀ ਅਮਨੀਤ ਕੌਂਡਲ, ਚੇਅਰਮੈਨ ਪੀਐੱਸਆਈਈਸੀ ਦਲਬੀਰ ਸਿੰਘ ਢਿੱਲੋਂ ਸਮੇਤ ਕਈ ਵਿਸ਼ੇਸ਼ ਹਸਤੀਆਂ ਹਾਜ਼ਰ ਸਨ।
ਉਦਯੋਗਾਂ ਲਈ ਵੱਡੀਆਂ ਘੋਸ਼ਣਾਵਾਂ ਕਰਦਿਆਂ ਅਰੋੜਾ ਨੇ ਦੱਸਿਆ ਕਿ ਪੀਐਸਆਈਈਸੀ ਵੱਲੋਂ ਫੋਕਲ ਪੁਆਇੰਟਾਂ ਦੇ ਅਧੁਨਿਕੀਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਵਿੱਚੋਂ 70 ਕਰੋੜ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਜਦਕਿ ਬਾਕੀ 30 ਕਰੋੜ ਦੀ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਵਪਾਰ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਪ੍ਰਦਰਸ਼ਨੀ-ਕਮ-ਕਨਵੈਨਸ਼ਨ ਸੈਂਟਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ 222 ਕਰੋੜ ਰੁਪਏ ਦੇ ਪ੍ਰੋਤਸਾਹਨ ਉਦਯੋਗਪਤੀਆਂ ਨੂੰ ਵੰਡੇ ਗਏ ਹਨ, ਜਦਕਿ ਪਿਛਲੇ ਸਾਲ ਸਿਰਫ਼ 90 ਕਰੋੜ ਰੁਪਏ ਜਾਰੀ ਹੋਏ ਸਨ। ਨਵਾਂ ਸਿੰਗਲ-ਵਿੰਡੋ ਪੋਰਟਲ ਹੁਣ 45 ਦਿਨਾਂ ਵਿੱਚ ਉਦਯੋਗ ਪ੍ਰਵਾਨਗੀਆਂ ਜਾਰੀ ਕਰਦਾ ਹੈ, ਜਿਨ੍ਹਾਂ ‘ਚੋਂ ਕੁਝ ਮਨਜ਼ੂਰੀਆਂ ਤੀਜੇ-ਚੌਥੇ ਦਿਨ ਵੀ ਮਿਲ ਰਹੀਆਂ ਹਨ। ਬਠਿੰਡਾ ਲਈ ਵੱਖਰੀ ਪਹਲ ਕੈਬਨਿਟ ਮੰਤਰੀ ਨੇ ਕਿਹਾ ਕਿ ਬਠਿੰਡਾ ਦੀ ਨੁਹਾਰ ਬਦਲਣ ਲਈ ਨਗਰ ਨਿਗਮ ਵੱਲੋਂ 7 ਕਰੋੜ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਹਨ, ਜਿਨ੍ਹਾਂ ਦੇ ਕੰਮ ਜਲਦ ਹੀ ਸ਼ੁਰੂ ਹੋਣਗੇ। ਉਹਨਾਂ ਨੇ ਇੰਡਸਟਰੀਅਲ ਗ੍ਰੋਥ ਸੈਂਟਰ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਦਾ ਭਰੋਸਾ ਦਿੱਤਾ।