ਮੁਹਾਲੀ ’ਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਜ ਆਪਣੇ ਸਾਬਕਾ ਕੈਡਿਟਾਂ ਨੂੰ ਅਚੀਵਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਅਚੀਵਰ ਐਵਾਰਡ ਸਮਾਰੋਹ ਦੀ ਪ੍ਰਧਾਨਗੀ ਸੰਸਥਾ ਦੇ ਬਾਨੀ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ ਬੀ.ਐਸ. ਗਰੇਵਾਲ, ਵੀ.ਐਸ.ਐਮ. (ਸੇਵਾਮੁਕਤ) ਵੱਲੋਂ ਕੀਤੀ ਗਈ।
ਸਮਾਰੋਹ ਵਿੱਚ ਅਚੀਵਰ ਐਵਾਰਡ ਨਾਲ ਪ੍ਰੈਪਰੇਟਰੀ ਇੰਸਟੀਚਿਊਟ ਦੇ 43 ਸਾਬਕਾ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚੋਂ ਦਸ ਕੈਡਿਟ ਮਈ-ਜੂਨ 2024 ‘ਚ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਇਨ੍ਹਾਂ ਤੋਂ ਇਲਾਵਾ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਤੋਂ ਪਾਸ ਹੋਏ ਕੈਡਿਟ ਅਤੇ ਮੌਜੂਦਾ ਸਮੇਂ ਵਿੱਚ ਐਨ.ਡੀ.ਏ./ਹੋਰ ਟਰੇਨਿੰਗ ਅਕੈਡਮੀਆਂ ਵਿੱਚ ਸਿਖਲਾਈ ਲੈ ਰਹੇ ਕੈਡਿਟ ਵੀ ਸ਼ਾਮਲ ਸਨ। ਸਨਮਾਨ ਹਾਸਲ ਕਰਨ ਵਾਲੇ ਸਾਬਕਾਂ ਕੈਡਿਟਾਂ ਵਿੱਚ ਇਸ ਸੰਸਥਾ ਦੇ ਪਹਿਲੇ ਕੋਰਸ ਦੇ ਤਿੰਨ ਅਚੀਵਰ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਦੌਰਾਨ ਸੰਸਥਾ ਦੇ ਬਾਨੀ ਡਾਇਰੈਕਟਰ ਮੇਜਰ ਜਨਰਲ ਬੀ.ਐਸ. ਗਰੇਵਾਲ ਨੇ ਸਫ਼ਲ ਕੈਡਿਟਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਪ੍ਰਗਟਾਉਂਦਿਆ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਿਸਜ਼ ਪ੍ਰੈਪਰੇਟਰੀ ਇੰਸਟੀਚਿਊਟ ਭਵਿੱਖ ਵਿੱਚ ਵੀ ਕੈਡਿਟਾਂ ਨੂੰ ਟਰੇਨਿੰਗ ਸਰਵਿਸ ਅਕੈਡਮੀਆਂ ਵਿੱਚ ਉੱਤਮ ਰਹਿਣ ਲਈ ਬਿਹਤਰੀਨ ਮੰਚ ਪ੍ਰਦਾਨ ਕਰਦਾ ਰਹੇਗਾ। ਫੌਜ ਵਿਚ ਭਰਤੀ ਹੋਣਾ ਕਿਸੇ ਹੋਰ ਕਿੱਤੇ ਵਰਗਾ ਨਹੀਂ ਹੈ, ਇਹ ਉਸ ਤੋਂ ਕਿਤੇ ਵੱਧ ਹੈ ਅਤੇ ਇਸ ਲਈ ਖੂਨ ਵਿੱਚ ਜਜਬਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿਸਾਲੀ ਨਤੀਜੇ ਪ੍ਰਾਪਤ ਕਰਨ ਲਈ ਮੌਜੂਦਾ ਐਮ.ਆਰ.ਐਸ.ਏ.ਐਫ.ਪੀ.ਆਈ. ਫੈਕਲਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਦੇ ਨਾਲ ਹੀ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਨੇ ਹੁਣ ਤੱਕ 229 ਕੈਡਿਟਾਂ ਨੂੰ ਐਨ.ਡੀ.ਏ. /ਹੋਰ ਅਕੈਡਮੀਆਂ ਵਿੱਚ ਭੇਜਿਆ ਹੈ। ਇਹ ਸੰਸਥਾ ਹਥਿਆਰਬੰਦ ਬਲਾਂ ਲਈ ਕੈਡਿਟ ਤਿਆਰ ਕਰਨ ਵਿੱਚ ਸਰਵ-ਉੱਚ ਸੰਸਥਾ ਵਜੋਂ ਉਭਰੀ ਹੈ ਅਤੇ ਦੇਸ਼ ਭਰ ਵਿੱਚ ਇਸ ਦੇ ਨਤੀਜੇ ਸਭ ਤੋਂ ਵਧੀਆ ਹਨ।