ਨੰਗਲ -ਹਿਮਾਚਲ ਦੇ ਉੱਪਰਲੇ ਖੇਤਰਾਂ ’ਚ ਹੋ ਰਹੀ ਭਾਰੀ ਵਰਖਾ ਕਾਰਨ ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਭਾਖੜਾ ਬੰਨ੍ਹ ਦਾ ਜਲ ਪੱਧਰ ਸ਼ੁੱਕਰਵਾਰ ਤੱਕ 1672.05 ਫੁੱਟ ਤੱਕ ਪਹੁੰਚ ਚੁੱਕਾ ਹੈ। ਭਾਖੜਾ ਬੰਨ੍ਹ ਦੇ ਫਲੱਡ ਗੇਟ ਚਾਰ ਫੁੱਟ ਤੱਕ ਖੁੱਲ੍ਹੇ ਰਹੇ। ਸ਼ੁੱਕਰਵਾਰ ਸ਼ਾਮ ਛੇ ਵਜੇ ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ 58477 ਕਿਊਸਿਕ ਦਰਜ ਕੀਤੀ ਗਈ ਅਤੇ ਭਾਖੜਾ ਬੰਨ੍ਹ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਨੰਗਲ ਡੈਮ ਝੀਲ ਲਈ ਕਰੀਬ 53618 ਕਿਊਸਿਕ ਪਾਣੀ ਛੱਡਿਆ ਗਿਆ।
ਭਾਖੜਾ ਬੰਨ੍ਹ ਦੀ ਜਲ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਹੁਣ ਜਲ ਪੱਧਰ ਖ਼ਤਰੇ ਦੇ ਨਿਸ਼ਾਲ ਤੋਂ ਮਹਿਜ 7.95 ਫੁੱਟ ਦੂਰ ਹੈ। ਅੱਜ ਨੰਗਲ ਹਾਈਡਲ ਨਹਿਰ ’ਚ 1235 0 ਕਿਊਸਿਕ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ ਪਾਣੀ ਛੱਡਣ ਦੇ ਇਲਾਵਾ ਨੰਗਲ ਡੈਮ ਤੋਂ ਸਤਲੁਜ ਦਰਿਆ ਲਈ ਬੀ. ਬੀ. ਐੱਮ. ਬੀ. ਪ੍ਰਬੰਧਨ ਵੱਲੋਂ ਸ਼ੁੱਕਰਵਾਰ ਨੂੰ ਕਰੀਬ 31550 ਕਿਊਸਿਕ ਪਾਣੀ ਛੱਡਿਆ ਗਿਆ, ਜੋਕਿ ਕੱਲ੍ਹ ਦੇ ਮੁਕਾਬਲੇ 1000 ਕਿਊਸਿਕ ਪਾਣੀ ਵੱਧ ਹੈ।