ਚੰਡੀਗੜ੍ਹ : ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਖਡੂਰ ਸਾਹਿਬ ਸੰਸਦੀ ਹਲਕਾ, ਪੰਜਾਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਉਪ-ਰਾਸ਼ਟਰਪਤੀ ਚੋਣ, 2025 ਲਈ ਵੋਟਰ (ਇਲੈਕਟੋਰਲ ਕਾਲਜ ਦੇ ਮੈਂਬਰ) ਵੀ ਹਨ, ਨੂੰ ਵੋਟ ਪਾਉਣ ਦੀ ਸਹੂਲਤ ਦੇਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਸਥਿਤ ਕੇਂਦਰੀ ਜੇਲ੍ਹ ਵਿਚ ਕੌਮੀ ਸੁਰੱਖਿਆ ਐਕਟ, 1980 ਤਹਿਤ ਨਜ਼ਰਬੰਦ ਹੈ। ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮਾਂ, 1974 ਦੇ ਨਿਯਮ 26 ਦੇ ਉਪਬੰਧਾਂ ਅਨੁਸਾਰ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਲਈ ਇਕ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਜਾਵੇ।
ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਨਜ਼ਰਬੰਦੀ (ਪ੍ਰੀਵੈਂਟਿਵ ਡਿਟੈਂਸ਼ਨ) ਅਧੀਨ ਜੇਲ੍ਹ ‘ਚ ਬੰਦ ਵੋਟਰਾਂ ਲਈ ਪੋਸਟਲ ਬੈਲਟ ਪੇਪਰ ਸਿਰਫ਼ ਵੋਟਾਂ ਵਾਲੇ ਦਿਨ ਹੀ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਨਿਸ਼ਾਨ ਲੱਗਿਆ (ਮਾਰਕ ਕੀਤਾ) ਪੋਸਟਲ ਬੈਲਟ ਵਾਲਾ ਸੀਲਬੰਦ ਲਿਫ਼ਾਫ਼ਾ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚਣਾ ਲਾਜ਼ਮੀ ਹੈ।