ਬਠਿੰਡਾ : ਮੌੜ ਪੁਲਸ ਸਟੇਸ਼ਨ ਨੇ ਮਾਨਸਾ ਪੁਲਸ ਤੋਂ ਮੁਅੱਤਲ ਇਕ ਸੀਨੀਅਰ ਕਾਂਸਟੇਬਲ ਅਤੇ ਇਕ ਸ਼ਰਾਬ ਠੇਕੇਦਾਰ ਦੇ ਦੋ ਏਜੰਟਾਂ ਵਿਰੁੱਧ ਇਕ ਵਿਅਕਤੀ ਨੂੰ ਧਮਕੀ ਦੇ ਕੇ ਪੈਸੇ ਵਸੂਲਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਅੱਤਲ ਸੀਨੀਅਰ ਕਾਂਸਟੇਬਲ ਅਤੇ ਇਕ ਏਜੰਟ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਜਦੋਂ ਕਿ ਤੀਜਾ ਦੋਸ਼ੀ ਫਰਾਰ ਹੈ।
ਰਾਮਨਗਰ ਪਿੰਡ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਕਿ ਉਹ ਪਹਿਲਾਂ ਭੁੱਕੀ ਦਾ ਸੇਵਨ ਕਰਦਾ ਸੀ, ਪਰ ਪਿਛਲੇ 6 ਮਹੀਨਿਆਂ ਤੋਂ ਨਸ਼ੇ ਛੱਡ ਦਿੱਤੇ ਹਨ। 31 ਅਗਸਤ ਨੂੰ ਮਾਨਸਾ ਪੁਲਸ ਦੇ ਮੁਅੱਤਲ ਸੀਨੀਅਰ ਕਾਂਸਟੇਬਲ ਬਲਵੀਰ ਸਿੰਘ, ਸ਼ਰਾਬ ਠੇਕੇਦਾਰ ਦਾ ਏਜੰਟ ਗੁਰਪ੍ਰੀਤ ਸਿੰਘ ਵਾਸੀ ਰਾਮਪੁਰਾ ਮੰਡੀ, ਇਕ ਹੋਰ ਏਜੰਟ ਅਤੇ ਇਕ ਅਣਪਛਾਤਾ ਨੌਜਵਾਨ ਪੁਲਸ ਵਰਦੀ ਪਾ ਕੇ ਉਸ ਕੋਲ ਆਏ ਅਤੇ ਉਸ ਨੂੰ ਸਵਿਫਟ ਕਾਰ ਨੰਬਰ HR-27 F1706 ਵਿਚ ਬਿਠਾਇਆ। ਮੁਲਜ਼ਮ ਨੇ ਉਸ ਵਿਰੁੱਧ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਅਤੇ 30,000 ਰੁਪਏ ਦੀ ਮੰਗ ਕੀਤੀ। ਮਾਮਲੇ ਤੋਂ ਡਰਦੇ ਹੋਏ, ਪੀੜਤ ਨੇ ਮੁਲਜ਼ਮ ਤੋਂ ਛੁਟਕਾਰਾ ਪਾਉਣ ਲਈ 20,000 ਰੁਪਏ ਦਿੱਤੇ ਅਤੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ।