ਅਪਰਾਧਾਂ ’ਤੇ ਨਕੇਲ ਕਸਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਜੇਲ੍ਹ ’ਚ ਬੰਦ ਕੈਦੀਆਂ ਨੂੰ ਸੁਧਾਰਨ ਦੇ ਮਕਸਦ ਨਾਲ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜ਼ਿਲ੍ਹਾ ਰੂਪਨਗਰ ਦੀ ਜੇਲ੍ਹ ਦਾ ਦੌਰਾ ਕੀਤਾ। ਉਨ੍ਹਾਂ ਦੇ ਦੌਰੇ ਦਾ ਮੁੱਖ ਟੀਚਾ ਮਹਿਲਾ ਕੈਦੀਆਂ ਦੇ ਜੀਵਨ ’ਚ ਸੁਧਾਰ ਲਿਆਉਣਾ ਸੀ। ਪੰਜਾਬ ਮਹਿਲਾ ਕਮਿਸ਼ਨ ਦੀ ਇਹ ਪਹਿਲਕਦਮੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਔਰਤਾਂ ਦੀ ਭਲਾਈ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਜ਼ੇਲ੍ਹ ਦੇ ਦੌਰੇ ਦੌਰਾਨ ਰਾਜ ਲਾਲੀ ਗਿੱਲ ਨੇ ਮਹਿਲਾ ਕੈਦੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸੰਬੋਧਨ ਕਰਦੇ ਹੋਏ ਮਹਿਲਾ ਕੈਦੀਆਂ ਨੂੰ ਕਾਨੂੰਨੀ, ਮੈਡੀਕਲ ਅਤੇ ਵਿੱਦਿਅਕ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਮਹਿਲਾ ਕਮਿਸ਼ਨ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਤੁਹਾਡੇ ਵੱਲੋਂ ਆਪਣੀ ਜ਼ਿੰਦਗੀ ਦੀ ਨਵੇਂ ਸਿਰਿਓਂ ਸ਼ੁਰੂਆਤ ਵਿੱਚ ਤੁਹਾਡੀ ਮਦਦ ਲਈ ਹਰ ਸਮੇਂ ਹਾਜ਼ਰ ਹੈ।