ਮਾਨਸਾ : ਪੰਜਾਬ ਵਿਚ ਹੜ੍ਹਾਂ ਦੀ ਮਾਰ ਅਤੇ ਉਸ ਨਾਲ ਹੋਏ ਨੁਕਸਾਨ ਸਾਹਮਣੇ ਆਉਣ ਲੱਗੇ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਪਰ ਹੜ੍ਹਾਂ ਤੋਂ ਬਾਅਦ ਸਕੂਲਾਂ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਸਰਹੱਦੀ ਜ਼ਿਲ੍ਹਿਆਂ ਸਕੂਲਾਂ ਬਾਰੇ ਦੁਬਾਰਾ ਫੈਸਲਾ ਲੈਣ ਦੀ ਮੰਗ ਉੱਠ ਰਹੀ ਹੈ। ਸੋਮਵਾਰ ਨੂੰ ਸਿਰਫ ਅਧਿਆਪਕਾਂ ਨੂੰ ਹੀ ਸਕੂਲਾਂ ਵਿਚ ਬੁਲਾਇਆ ਗਿਆ ਅਤੇ ਸੂਬੇ ਵਿਚ ਕਈ ਸਕੂਲਾਂ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਸਾਹਮਣੇ ਆਉਣ ਲੱਗੇ ਹਨ। ਇਕ ਸਕੂਲ ਦੀ ਛੱਤ ਡਿੱਗਣ ਤੋਂ ਇਲਾਵਾ ਇਕ ਸਕੂਲ ਵੈਨ ਪਲਟਣ ਅਤੇ ਕਈ ਸਕੂਲਾਂ ਦੀਆਂ ਛੱਤਾਂ ਟੱਪਕਦੀਆਂ ਦੇਖੀਆਂ ਗਈਆਂ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹੜ੍ਹਾਂ ਨੇ ਸਕੂਲਾਂ ਦੀਆਂ ਇਮਾਰਤਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਹੈ।
ਕਈ ਸਕੂਲਾਂ ਵਿਚ ਅਜੇ ਵੀ ਮੀਂਹ ਦਾ ਪਾਣੀ ਜਮ੍ਹਾ ਹੈ। ਇਸ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿਚ ਮੁੜ ਤੋਂ ਬੱਚਿਆਂ ਨੂੰ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਭਾਜਪਾ ਦੇ ਸੂਬਾਈ ਆਗੂ ਅਤੇ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਵੱਡੀ ਮਾਰ ਪਈ ਹੈ। ਮੀਂਹ ਨਾਲ ਤਬਾਹੀ ਹਾਲੇ ਵੀ ਮਚੀ ਹੋਈ ਹੈ। ਇਸ ਸਥਿਤੀ ਵਿਚ ਸਰਕਾਰੀ ਸਕੂਲਾਂ ਨੂੰ ਖੋਲ੍ਹਣਾ ਅਤੇ ਬੱਚਿਆਂ ਨੂੰ ਸਕੂਲਾਂ ਭੇਜਣਾ ਇਕ ਜ਼ੋਖਮ ਹੈ। ਇਸ ਕਰਕੇ ਸਰਕਾਰੀ ਸਕੂਲਾਂ ਸਰਹੱਦੀ ਜ਼ਿਲ੍ਹਿਆਂ ਵਿਚ ਬੱਚਿਆਂ ਦੀ ਸੁਰੱਖਿਆ ਅਤੇ ਬਿਲਡਿੰਗਾਂ ਦੇ ਮੁਕੰਮਲ ਨਿਰੀਖਣ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਰੋਕਥਾਮ ਦੇ ਇੰਤਜ਼ਾਮ ਕਰਨ ਤੋਂ ਪਹਿਲਾਂ ਸਕੂਲ ਨਹੀਂ ਖੋਲ੍ਹਣੇ ਚਾਹੀਦੇ ਹਨ।

