ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਦਰਿਆ ’ਤੇ ਠੱਲ ਪਾਉਣ ਲਈ ਹਰ ਤਰਾਂ ਨਾਲ ਯਤਨਸ਼ੀਲ ਹੈ। ਨਸ਼ਿਆਂ ਵਿਰੁੱਧ ਕਾਰਵਾਈਆਂ ਨੂੰ ਲੈ ਕੇ ਜਿੱਥੇ ਬੀਤੇ ਦਿਨੀਂ ਪੰਜਾਬ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਦੇ ਨਿਰੇਦਸ਼ ਦਿੱਤੇ ਗਏ ਸੀ, ਉੱਥੇ ਹੀ ਪੰਜਾਬ ਪੁਲਿਸ ਵੀ ਆਪਣੇ ਫਰਜ਼ ਨਿਭਾਉਣ ’ਚ ਵਚਨਬੱਧ ਨਜ਼ਰ ਆ ਰਹੀ ਹੈ।
ਇਸੇ ਤਰ੍ਹਾਂ ਤਰਨਤਾਰਨ ‘ਚ ਵੀ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਨਕੇਲ ਕਸਣ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਕਾਰਵਾਈਆਂ ਕਰਦੇ ਹੋਏ ਪੁਲਿਸ ਵੱਲੋਂ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਸੂਬੇ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੋਂ ਹਾਸਲ ਕੀਤੀਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਤਰਨਤਾਰਨ ਪੁਲਿਸ ਨੇ ਦੋ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀ 1 ਕਰੋੜ 71 ਲੱਖ 10 ਹਜ਼ਾਰ 300 ਰੁਪਏ ਦੀ ਜਾਇਦਾਦ ਜ਼ਬਤ ਕਰਦੇ ਹੋਏ ਜਾਇਦਾਦ ਦੇ ਬਾਹਰ ਨੋਟਿਸ ਲਗਾ ਦਿੱਤਾ ਹੈ।
ਜ਼ਬਤ ਕੀਤੀ ਜਾਇਦਾਦ ਵਿੱਚ ਫਾਰਮ ਹਾਊਸ, ਜ਼ਮੀਨ, ਵਾਹਨ ਤੇ ਹੋਰ ਚੀਜ਼ਾਂ ਆਦਿ ਸ਼ਾਮਲ ਹਨ। ਤਰਨਤਾਰਨ ਪੁਲਿਸ ਵੱਲੋਂ ਅੱਜ ਪਹਿਲੀ ਕਾਰਵਾਈ ਪਿੰਡ ਕੰਗ ਵਿੱਚ ਕੀਤੀ ਗਈ ਜਿੱਥੇ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਦਾ ਘਰ, ਕਾਰ ਅਤੇ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ। ਜਿਸ ਦੀ ਕੀਮਤ 28 ਲੱਖ ਰੁਪਏ ਹੈ। ਇਸੇ ਤਰ੍ਹਾਂ ਦੂਜੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿੰਡ ਝਬਾਲ ਦੇ ਪੰਜਵੜ ਲਵਪ੍ਰੀਤ ਸਿੰਘ ਦੀ 1 ਕਰੋੜ 43 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।