ਪਠਾਨਕੋਟ ਕਾਰ ਸਵਾਰ 6 ਲੋਕਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਾਠ ਵਾਲਾ ਪੁਲ ‘ਤੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਇਸ ਦੇ ਨਾਲ ਹੀ ਕਾਰ ਸਵਾਰ ਚਾਰ ਲੋਕ ਜ਼ਖ਼ਮੀ ਵੀ ਹੋ ਗਏ। ਫਿਲਹਾਲ ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਮ੍ਰਿਤਕ ਦੇ ਇੱਕ ਦੋਸਤ ਵੱਲੋਂ ਦਿੱਤੀ ਗਈ।
ਉਸ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਕਰੀਬ ਡੇਢ ਵਜੇ ਵਾਪਰਿਆ, ਜਦੋਂ ਇੱਕ ਕਾਰ ਵਿਚ 6 ਨੌਜਵਾਨ ਸਵਾਰ ਹੋ ਕੇ ਪਠਾਨਕੋਟ ਤੋਂ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਆਪਣੇ ਘਰ ਪਿੰਡ ਅਕਾਲਗੜ੍ਹ ਜਾ ਰਹੇ ਸੀ। ਇਸ ਦੌਰਾਨ ਕਾਠ ਵਾਲਾ ਪੁਲ ਨੇੜੇ ਉਹਨਾਂ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਨਹਿਰ ‘ਚ ਜਾ ਡਿੱਗੀ। ਦੋਸਤ ਨੇ ਅੱਗੇ ਦੱਸਿਆ ਕਿ ਰਾਤ ਕਰੀਬ 2 ਵਜੇ ਉਸ ਨੂੰ ਇਸ ਘਟਨਾ ਸਬੰਧੀ ਫੋਨ ਆਇਆ ਕਿ ਉਹਨਾਂ ਦੀ ਕਾਰ ਨਹਿਰ ‘ਚ ਡਿੱਗ ਗਈ ਹੈ। ਜਿਸ ਦੇ ਬਾਅਦ ਉਹ ਕੁੱਝ ਲੋਕਾਂ ਨੂੰ ਲੈ ਕੇ ਮੌਕੇ ‘ਤੇ ਪਹੁੰਚਿਆ ਅਤੇ ਦੇਖਿਆ ਕਿ ਕਾਰ ਵਿੱਚੋ ਸਵਾਰ 6 ਲੋਕਾਂ ਵਿਚੋਂ 4 ਬਾਹਰ ਨਿਕਲ ਚੁੱਕੇ ਸੀ। ਜਿਹਨਾਂ ਦੇ ਕਾਫੀ ਸੱਟਾਂ ਲੱਗੀਆ ਹੋਈਆਂ ਸਨ।
ਦੋਸਤ ਨੇ ਦੱਸਿਆ ਕਿ ਇਸ ਦੌਰਾਨ ਕਾਰ ‘ਚ ਫਸੇ 2 ਨੌਜਵਾਨਾਂ ਨੂੰ ਬਾਹਰ ਕੱਢ ਕੇ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਸਾਊਥ ਕੋਰੀਆ ਤੋਂ ਕਰੀਬ 6 ਮਹੀਨੇ ਪਹਿਲਾਂ ਭਾਰਤ ਪਰਤਿਆ ਸੀ। ਵਿਆਹ ਦੇ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਤੇ ਮ੍ਰਿਤਕ ਨੇ ਵੀ ਆਉਣ ਵਾਲੇ ਕੁਝ ਦਿਨਾਂ ਬਾਅਦ ਕੈਨੇਡਾ ਚਲੇ ਜਾਣਾ ਸੀ। ਪਰ ਹੋਣੀ ਨੂੰ ਕੁੱਝ ਹੋਰ ਹੀ ਮੰਜ਼ੂਰ ਸੀ।