ਮਾਨਸਾ (ਸੰਦੀਪ ਮਿੱਤਲ) – ਹਰਿਆਣਾ ਦੇ ਰੋੜੀ ਤੋਂ ਗਊਆਂ ਦਾ ਕੈਂਟਰ ਭਰ ਕੇ ਜੰਮੂ ਲਿਜਾ ਰਹੇ ਸਮੱਗਲਰਾਂ ਤੋਂ ਪੁਲਸ ਨੇ 25 ਗਊਆਂ ਦਾ ਭਰਿਆ ਕੈਂਟਰ ਫੜਿਆ। ਜਿਨ੍ਹਾਂ ਵਿਚ 20 ਗਊਆਂ ਮਰੀਆਂ ਪਾਈਆਂ ਗਈਆਂ ਅਤੇ 5 ਨੂੰ ਗੁਰੂ ਨਾਨਕ ਗਊਸ਼ਾਲਾ ਵਿਖੇ ਛੱਡ ਦਿੱਤਾ ਗਿਆ। ਗਊ ਸੁਰੱਕਸਾ ਸੇਵਾ ਦਲ ਪੰਜਾਬ ਦੇ ਚੇਅਰਮੈਨ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸਮੱਗਲਰ ਕੈਂਟਰ ਰਾਹ ਵਿਚ ਖਰਾਬ ਹੋਣ ਕਰ ਕੇ ਉਸ ਨੂੰ ਮਾਨਸਾ ਦੇ ਜ਼ਿਲੇ ਦੇ ਪਿੰਡ ਕੋਟਧਰਮੂ ਦੇ ਪੈਟਰੋਲ ਪੰਪ ਲਾਗੇ ਮੁੱਖ ਸੜਕ ’ਤੇ ਛੱਡ ਕੇ ਫਰਾਰ ਹੋ ਗਏ।
ਪੁਲਸ ਨੇ ਜਦੋਂ ਲਾਵਾਰਸ ਹਾਲਤ ਵਿਚ ਸੜਕ ’ਤੇ ਖੜ੍ਹਾ ਕੈਂਟਰ ਦੇਖਿਆ ਤਾਂ ਉਸ ਵਿਚ ਲੱਦੀਆਂ ਜਿਉਂਦੀਆਂ ਅਤੇ ਮਰੀਆਂ ਗਊਆਂ ਫੜੀਆਂ। ਗਊ ਸੁਰੱਖਿਆ ਸੇਵਾ ਦਲ ਪੰਜਾਬ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਗਊ ਸਮੱਗਲਰ ਗਊਆਂ ਦਾ ਭਰਿਆ ਇਕ ਕੈਂਟਰ ਪਿੰਡ ਕੋਟਧਰਮੂ ਛੱਡ ਕੇ ਫਰਾਰ ਹੋ ਗਏ ਹਨ। ਜਿਸ ਵਿਚ ਗਊਆਂ ਨੂੰ ਬੁਰੀ ਤਰ੍ਹਾਂ ਨੂੜਿਆ ਹੋਇਆ ਸੀ। ਮੌਕੇ ’ਤੇ ਪਹੁੰਚ ਕੇ ਪੁਲਸ ਨੇ ਕੈਂਟਰ ਐੱਚ.ਆਰ. 45 ਸੀ 6425 ਦੀ ਤਰਪਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ 25 ਗਊਆਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਜ਼ਖਮੀ 5 ਗਊਆਂ ਦਾ ਇਲਾਜ ਕਰਵਾਉਣ ਉਪਰੰਤ ਗੁਰੂ ਨਾਨਕ ਗਊਸ਼ਾਲਾ ਵਿਚ ਛੱਡ ਦਿੱਤਾ ਗਿਆ ਹੈ। ਜਦੋਂ ਕਿ ਬਾਕੀ 20 ਮ੍ਰਿਤਕ ਗਊਆਂ ਨੂੰ ਪੋਸਟਮਾਰਟਮ ਤੋਂ ਬਾਅਦ ਦਫਨਾ ਦਿੱਤਾ ਗਿਆ। ਕੋਟਧਰਮੂ ਪੁਲਸ ਨੇ ਅਣਪਛਾਤੇ ਗਊ ਸਮੱਗਲਰਾਂ ਖਿਲਾਫ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕਰਨ ਉਪਰੰਤ ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਵੱਲੋਂ ਕੈਂਟਰ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।

