ਲਾਤੇਹਾਰ : ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਇੱਕ ਸਟਾਲ ਤੋਂ ਚਾਉਮੀਨ ਖਾਣ ਤੋਂ ਬਾਅਦ ਘੱਟੋ-ਘੱਟ 35 ਬੱਚੇ ਫੂਡ ਪੋਇਜ਼ਨਿੰਗ ਕਾਰਨ ਬੀਮਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਇੱਕ ਅਧਿਕਾਰੀ ਵਲੋਂ ਵੀਰਵਾਰ ਨੂੰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਸਦਰ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਣ ਵਾਲੇ ਟੇਮਕੀ ਵਿੱਚ ਇੱਕ ਮੇਲੇ ਦੌਰਾਨ ਵਾਪਰੀ ਹੈ।
ਉਹਨਾਂ ਕਿਹਾ ਕਿ ਚਾਉਮੀਨ ਖਾਣ ਤੋਂ ਬਾਅਦ 2 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਬੀਮਾਰ ਹੋਣ ਮਗਰੋਂ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਬਾਲ ਰੋਗ ਵਿਗਿਆਨੀ ਡਾ. ਜੈਪ੍ਰਕਾਸ਼ ਨੇ ਕਿਹਾ ਕਿ ਬੱਚਿਆਂ ਨੂੰ ਉਲਟੀਆਂ, ਢਿੱਡ ਦਰਦ ਅਤੇ ਡੀਹਾਈਡਰੇਸ਼ਨ ਦੀ ਸ਼ਿਕਾਇਤ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਡਾਕਟਰ ਨੇ ਕਿਹਾ, “ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਰਾਤ 9:30 ਤੋਂ 10:00 ਵਜੇ ਦੇ ਵਿਚਕਾਰ ਹਸਪਤਾਲ ਲਿਆਂਦਾ ਗਿਆ। ਇਹ ਫੂਡ ਪੋਇਜ਼ਨਿੰਗ ਦਾ ਮਾਮਲਾ ਸੀ। ਬੱਚੇ ਹੁਣ ਸਥਿਰ ਹਨ।” ਜੈਪ੍ਰਕਾਸ਼ ਨੇ ਕਿਹਾ ਕਿ ਬੱਚਿਆਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

