ਕਪੂਰਥਲਾ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਐਡਵਾਂਸ ਧੁੱਸੀ ਬੰਨ੍ਹ ਤੋਂ ਪਿੰਡ ਕੰਮੇਵਾਲ ਨੂੰ ਜਾਂਦੀ ਸੜਕ ਦਾ 30 ਫੁੱਟ ਤੋਂ ਵੱਧ ਹਿੱਸਾ ਪਾਣੀ ‘ਚ ਰੁੜ੍ਹ ਜਾਣ ਕਾਰਨ ਪਿੰਡ ਕੰਮੇਵਾਲ ਦਾ ਸੰਪਰਕ ਦੂਜੇ ਪਿੰਡਾਂ ਨਾਲੋਂ ਟੁੱਟ ਗਿਆ ਹੈ। ਇਥੇ ਦੱਸ ਦੇਈਏ ਕਿ ਪਿਛਲੇ ਦਿਨੀਂ ਜਿਹੜੇ ਲੋਕ ਧੁੱਸੀ ਬੰਨ੍ਹ ’ਤੇ ਬੈਠੇ ਸਨ, ਉਹ ਆਪਣੇ ਘਰਾਂ ਨੂੰ ਪਰਤ ਗਏ ਸਨ ਪਰ ਹੁਣ ਪਾਣੀ ਵਧਣ ਨਾਲ ਵੱਡੀ ਗਿਣਤੀ ਵਿਚ ਲੋਕ ਮੁੜ ਐਡਵਾਂਸ ਬੰਨ੍ਹ ’ਤੇ ਤਰਪਾਲਾਂ ਦੇ ਤੰਬੂਆਂ ਵਿਚ ਬੈਠੇ ਹਨ।
ਪਾਣੀ ਵਧਣ ਕਾਰਨ ਪਿੰਡ ਬਾਘੂਵਾਲ, ਕੰਮੇਵਾਲ, ਚਿਰਾਗਵਾਲਾ, ਮੰਡ ਸਾਬਕਾ ਦੇਸਲ ਅਤੇ ਜਲਾਲਾਬਾਦ ਦੀ 4 ਹਜ਼ਾਰ ਏਕੜ ਫ਼ਸਲ ਪਹਿਲਾਂ ਹੀ ਹੜ੍ਹ ਨਾਲ ਬਰਬਾਦ ਹੋ ਚੁੱਕੀ ਹੈ ਅਤੇ ਜਿਹੜੇ ਖੇਤਾਂ ‘ਚ ਪਿਛਲੇ ਦਿਨਾਂ ਵਿਚ ਪਾਣੀ ਸੁੱਕ ਗਿਆ ਸੀ, ਉਨ੍ਹਾਂ ਖੇਤਾਂ ‘ਚ ਵੀ ਮੁੜ 2 ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰ ਗਿਆ ਹੈ।

