ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੀ ਮਹਿਲਾ ਸਰਪੰਚ ਵੱਲੋਂ ਇੱਕ ਅਜੀਬੋ-ਗਰੀਬ ਹਦਾਇਤ ਕੀਤੀ ਗਈ ਹੈ, ਜੋ ਆਲੇ-ਦੁਆਲੇ ਦੇ ਪਿੰਡਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਦਾਇਤ ਵਿਚ ਕਿਹਾ ਗਿਆ ਹੈ ਕਿ ਪਿੰਡ ਦੇ ਨੌਜਵਾਨ ਗਲੀਆਂ ਤੇ ਮੁਹੱਲਿਆਂ ’ਚ ਕੈਪਰੀ ਪਾ ਕੇ ਨਹੀਂ ਫਿਰਣਗੇ। ਗਲੀਆਂ ਤੇ ਮੁਹੱਲਿਆਂ ’ਚ ਜੇਕਰ ਕੋਈ ਨੌਜਵਾਨ ਕੈਪਰੀ ਪਾ ਕੇ ਘੁੰਮਦਾ ਹੋਇਆ ਨਜ਼ਰ ਆਇਆ ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨਾਂ ਦੇ ਕੈਪਰੀ ਪਹਿਨਣ ’ਤੇ ਅਕਸਰ ਭੈਣਾਂ-ਮਾਵਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਇਸੇ ਲਈ ਇਸ ਤਰ੍ਹਾਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਮਹਿਲਾ ਸਰਪੰਚ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਪੰਚਾਇਤ ਦੇ ਹੁਕਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਪੰਚਾਇਤ ਇਸ ‘ਤੇ ਫੈਸਲਾ ਸੁਣਾਏਗੀ ਤੇ ਜੁਰਮਾਨਾ ਲਗਾਏਗੀ।
ਜ਼ਿਕਰਯੋਗ ਐ ਕਿ ਪਿੰਡ ਵਾਲਿਆਂ ਨੇ ਵੀ ਸਰਪੰਚ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੈਪਰੀ ਪਹਿਨ ਕੇ ਘੁੰਮਣਾ ਸਾਡੇ ਸੱਭਿਆਚਾਰ ਦੇ ਵਿਰੁੱਧ ਹੈ। ਇਸ ਫਰਮਾਨ ਨੇ ਭਾਵੇਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਦੂਜੇ ਪਾਸੇ ਇਸ ਪਿੰਡ ਦੇ ਲੋਕ ਇਸ ਨੂੰ ਫਰਮਾਨ ਨਹੀਂ ਸਗੋਂ ਪਿੰਡ ਦੇ ਸੱਭਿਆਚਾਰ ਨਾਲ ਜੋੜ ਕੇ ਦੇਖ ਰਹੇ ਹਨ। ਫਿਲਹਾਲ ਇਹ ਪਿੰਡ ਆਪਣੇ ਇਸ ਫਰਮਾਨ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕੋਈ ਇਸ ਫਰਮਾਨ ਦਾ ਵਿਰੋਧ ਕਰ ਰਿਹਾ ਹੈ ਤੇ ਕੋਈ ਇਸ ਦੇ ਪੱਖ ਦੀ ਗੱਲ ਕਰ ਰਿਹਾ ਹੈ।