ਭਵਾਨੀਗੜ੍ਹ – ਸੂਬੇ ਵਿਚ ਹੜ੍ਹਾਂ ਦੀ ਮਾਰ ਹੇਠ ਆ ਕੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਮਾਰ ਝੱਲਣੀ ਪੈ ਰਹੀ ਹੈ ਉੱਥੇ ਹੀ ਸਥਾਨਕ ਇਲਾਕੇ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਪੱਕੀ ਫਸਲ ‘ਤੇ ਵਾਇਰਸ ਨੇ ਹਮਲਾ ਕਰ ਦੇਣ ਕਾਰਨ ਝੋਨੇ ਦੀ ਫਸਲ ਬਿਲਕੁੱਲ ਬਰਬਾਦ ਹੋਣ ਕੰਢੇ ਆ ਖੜ੍ਹੀ ਹੋਈ ਹੈ ਜਿਸਦੇ ਕਾਰਨ ਕਿਸਾਨਾਂ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਉੱਭਰ ਆਈਆਂ ਹਨ।
ਇਸ ਸਬੰਧੀ ਨੇੜਲੇ ਪਿੰਡ ਕਾਕੜਾ ਵਿਖੇ ਕਿਸਾਨ ਹਰਵਿੰਦਰ ਕਾਕੜਾ, ਰਾਜਵੰਤ ਸਿੰਘ ਤੇ ਰਛਪਾਲ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫਸਲ ‘ਤੇ ਚਾਇਨਾ ਨਾਂਅ ਦੇ ਵਾਇਰਸ ਨੇ ਹਮਲੇ ਕਰਕੇ ਫਸਲ ਨੂੰ ਤਬਾਹ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਜਿੱਥੇ ਝੋਨੇ ਦੀ ਫਸਲ ਲਗਭਗ ਪੱਕ ਕੇ ਪੂਰੇ ਜੋਬਨ ‘ਤੇ ਹੁੰਦੀ ਹੈ ਤੇ ਫਸਲ ਦਾ ਕੱਦ ਤਿੰਨ ਤੋਂ ਸਾਢੇ ਤਿੰਨ ਫੁੱਟ ਹੁੰਦਾ ਹੈ ਲੇਕਿਨ ਉਕਤ ਵਾਇਰਸ ਦੇ ਹਮਲੇ ਕਾਰਨ ਝੋਨੇ ਦੀ ਫਸਲ ਦਾ ਕੱਦ ਸਿਰਫ ਅੱਧਾ ਫੁੱਟ ਹੀ ਰਹਿ ਗਿਆ ਹੈ। ਕਿਸਾਨਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਵਾਰ ਉਨ੍ਹਾਂ ਕੋਲੋ ਜ਼ਮੀਨਾਂ ਦੇ ਠੇਕੇ ਵੀ ਨਹੀਂ ਭਰੇ ਜਾਣਗੇ ਕਿਉਂਕਿ ਵਾਇਰਸ ਤੋਂ ਬਚਾਅ ਕਰਨ ਲਈ ਉਨ੍ਹਾਂ ਨੂੰ ਵਾਧੂ ਖਰਚਾ ਕਰਨਾ ਪੈ ਰਿਹਾ ਹੈ।

