ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਵੱਲੋਂ ਨਿਯਮਾਂ ਖ਼ਿਲਾਫ਼ ਸ਼ਰਾਬ ਵੇਚਣ ਅਤੇ ਦੇਰ ਰਾਤ ਬੀਅਰ ਬਾਰ ਖੁੱਲ੍ਹਾ ਰੱਖਣ ਨੂੰ ਲੈ ਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸੇ ਸਿਲਸਿਲੇ ਵਿਚ ਜਲੰਧਰ ਜ਼ੋਨ ਤਹਿਤ ਆਉਂਦੇ ਠੇਕਿਆਂ ਦੇ 2 ਗਰੁੱਪਾਂ ਨੂੰ ਅਗਲੇ 2 ਦਿਨਾਂ ਲਈ ਸੀਲ (ਬੰਦ) ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਜ਼ੋਨ ਤਹਿਤ ਆਉਂਦੇ 4 ਬਾਰ (ਬੀਅਰ/ਸ਼ਰਾਬ) ਦਾ ਲਾਇਸੈਂਸ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਭਾਗ ਵੱਲੋਂ ਮਾਡਲ ਟਾਊਨ ਜਲੰਧਰ ਦੇ ਨੋਟੋਰੀਅਸ ਕਲੱਬ ਦਾ ਲਾਇਸੈਂਸ ਵੀ ਸਸਪੈਂਡ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ।
ਡੀ. ਸੀ. ਐਕਸਾਈਜ਼ (ਡੀ. ਈ. ਟੀ. ਸੀ.) ਐੱਸ. ਕੇ. ਗਰਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਰਾਮਾ ਮੰਡੀ ਗਰੁੱਪ ਤਹਿਤ ਆਉਂਦੇ 23 ਠੇਕੇ 24 ਅਤੇ 25 ਸਤੰਬਰ ਨੂੰ ਬੰਦ ਰਹਿਣਗੇ। ਇਸੇ ਤਰ੍ਹਾਂ ਨਾਲ ਹੁਸ਼ਿਆਰਪੁਰ ਰੋਡ ਦੇ ਹਰਿਆਣਾ ਗਰੁੱਪ ਦੇ 26 ਠੇਕੇ 24 ਤੋਂ 26 ਸਤੰਬਰ ਤਕ (3 ਦਿਨ) ਬੰਦ ਹੋਣਗੇ। ਗਰਗ ਵੱਲੋਂ ਜਲੰਧਰ ਜ਼ੋਨ ਤਹਿਤ ਆਉਂਦੇ ਅੰਮ੍ਰਿਤਸਰ ਇਲਾਕੇ ਦੇ 4 ਪੱਬ/ਬਾਰ ’ਤੇ ਕਾਰਵਾਈ ਕੀਤੀ ਗਈ ਹੈ। ਇਸੇ ਸਿਲਸਿਲੇ ਵਿਚ ਨਿਯਮਾਂ ਦੇ ਉਲਟ ਦੇਰ ਰਾਤ ਤਕ ਬਾਰ ਖੁੱਲ੍ਹਾ ਰੱਖਣ ਕਾਰਨ ਬਾਨ ਚੀਕ ਬਾਰ, ਐਲਗਿਨ ਕੈਫੇ ਬਾਰ, ਕਾਸਾ ਅਤੇ ਆਰਤੇਸਾ ਬਾਰ ਨੂੰ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ। ਦੂਜੇ ਪਾਸੇ ਹਰਿਆਣਾ ਵਿਚ ਵਿਕਰੀ ਵਾਲੀ ਬੀਅਰ ਮਿਲਣ ਕਾਰਨ ਬ੍ਰਯੂ ਡਰੱਗ ਬਾਰ ਦਾ ਲਾਇਸੈਂਸ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ।

