ਰਾਜਪੁਰਾ– ਪੰਜਾਬ ਦੇ ਰਾਜਪੁਰਾ ‘ਚ ਭੋਗਲਾਂ ਰੋਡ ‘ਤੇ ਸਥਿਤ ਇਕ ਕਿਰਾਏ ਦੇ ਘਰ ਵਿੱਚ ਸ਼ੌਰਟ ਸਰਕਿਟ ਨਾਲ ਅੱਗ ਲੱਗਣ ਕਾਰਨ ਪ੍ਰਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਰਾਤ ਨੂੰ ਸੌ ਰਹੇ ਸਨ। ਅਚਾਨਕ ਲੱਗੀ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਪਰਿਵਾਰ ਦੇ ਸਾਰੇ ਮੈਂਬਰ ਜ਼ਿੰਦਾ ਸੜ ਗਏ।
ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਜਗਦੀਸ਼ ਚੌਹਾਨ (65), ਉਸ ਦੀ ਪਤਨੀ ਰਾਧਾ ਦੇਵੀ (30), ਸਾਲਾ ਲਲਿਤ (18) ਅਤੇ ਪੁੱਤਰ ਸਰਵਨ ਰਾਮ (12) ਵਜੋਂ ਹੋਈ ਹੈ। ਹਾਦਸੇ ‘ਚ ਘਰ ਦਾ ਸਾਰਾ ਸਮਾਨ, ਦੋ ਸਾਈਕਲਾਂ ਅਤੇ ਮੋਬਾਈਲ ਵੀ ਸੜ ਕੇ ਰਾਖ ਹੋ ਗਏ।
ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ। ਕਮਰੇ ‘ਚ ਧੂੰਆਂ ਭਰਿਆ ਹੋਇਆ ਸੀ ਅਤੇ ਘਟਨਾ ਇੰਨੀ ਭਿਆਨਕ ਸੀ ਕਿ ਲਾਸ਼ਾਂ ਨੂੰ ਵੇਖਣਾ ਵੀ ਮੁਸ਼ਕਲ ਸੀ। ਪੁਲਸ ਨੇ ਸਾਰੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਰਾਜਪੁਰਾ ਦੇ ਸਿਵਲ ਹਸਪਤਾਲ ਭੇਜ ਦਿੱਤੇ। ਕਸਤੂਰਬਾ ਪੁਲਸ ਚੌਕੀ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਘਰ ਮਾਲਕ ਅਰਵਿੰਦਰ ਸਿੰਘ ਨੇ ਵੀ ਹਾਦਸੇ ਦੀ ਵਜ੍ਹਾ ਸ਼ੌਰਟ ਸਰਕਿਟ ਹੀ ਦੱਸੀ।

