ਇੰਟਰਨੈਸ਼ਨਲ – ਅਮਰੀਕਾ ‘ਚ ਵਾਪਰ ਰਹੇ ਹਾਦਸਿਆਂ ਮਗਰੋਂ ਪ੍ਰਸ਼ਾਸਨ ਨੇ ਪ੍ਰਵਾਸੀਆਂ ਲਈ ਟਰੱਕ ਡਰਾਈਵਿੰਗ ਲਾਈਸੰਸ ਦੇ ਨਿਯਮ ਕਾਫ਼ੀ ਸਖ਼ਤ ਕਰ ਦਿੱਤੇ ਗਏ ਹਨ। ਹੁਣ ਸਿਰਫ਼ ਗ੍ਰੀਨ ਕਾਰਡ ਹੋਲਡਰ ਜਾਂ ਅਮਰੀਕੀ ਨਾਗਰਿਕ ਹੀ ਹੈਵੀ ਡਿਊਟੀ ਡਰਾਈਵਿੰਗ ਲਾਈਸੰਸ ਬਣਵਾ ਸਕਦੇ ਹਨ। ਇਸੇ ਦੌਰਾਨ ਅਮਰੀਕਾ ਵੱਲੋਂ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ 130 ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਘੱਟੋ-ਘੱਟ 28 ਪੰਜਾਬੀ ਹਨ।
ਟਰੰਪ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਨਵਾਂ ਨਿਯਮ ਹੁਣ ਲਾਗੂ ਹੋ ਗਿਆ ਹੈ, ਜਿਸ ਤਹਿਤ ਗ੍ਰੀਨ ਕਾਰਡ ਜਾਂ ਯੂ.ਐੱਸ. ਸਿਟੀਜ਼ਨ ਹੋਣ ਬਿਨਾਂ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਨਹੀਂ ਮਿਲੇਗਾ। ਇਸ ਕਾਰਵਾਈ ਵਿਚ ਸਭ ਤੋਂ ਪਹਿਲਾਂ ਓਕਲਾਹੋਮਾ ਸੂਬੇ ਦੇ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਨੇ ਓਕਲਾਹੋਮਾ, ਕੈਲੇਫੋਰਨੀਆ ਸਮੇਤ ਕਈ ਸੂਬਿਆਂ ਵਿਚ ਟਰੱਕ ਡਰਾਈਵਰਾਂ ਦੀ ਖਾਸ ਤੌਰ ‘ਤੇ ਜਾਂਚ ਕੀਤੀ। ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਥੇ ਵਰਕ ਪਰਮਿਟ ਵਾਲੇ ਡਰਾਈਵਰਾਂ ਦੇ ਟਰੱਕ ਟੋਅ ਕਰਕੇ ਲਿਜਾਂਦੇ ਦਿਖਾਏ ਜਾ ਰਹੇ ਹਨ।
ਓਕਲਾਹੋਮਾ ਦੇ ਗਵਰਨਰ ਕੈਵਿਨ ਸਟਿਟ ਨੇ ਕਿਹਾ ਕਿ “ਹੈਵੀ ਵ੍ਹੀਕਲਜ਼ ਨੂੰ ਅਣਜਾਣ ਹੱਥਾਂ ਵਿਚ ਨਹੀਂ ਦਿੱਤਾ ਜਾ ਸਕਦਾ, ਜੋ ਮਾਸੂਮ ਲੋਕਾਂ ਦੀ ਜਾਨ ਖਤਰੇ ਵਿਚ ਪਾ ਸਕਦੇ ਹਨ।” ਇਸ ਤੋਂ ਇਲਾਵਾ ਪੈਨਸਿਲਵੇਨੀਆ, ਸਾਊਥ ਡੈਕੋਟਾ, ਟੈਕਸਸ ਅਤੇ ਕੋਲੋਰਾਡੋ ਵਿਚ ਵੀ ਸਖਤੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 2 ਲੱਖ ਦੇ ਕਰੀਬ ਟਰੱਕ ਡਰਾਈਵਰਾਂ ‘ਕੱਚੇ’ ਹਨ ਅਤੇ ਇਨ੍ਹਾਂ ਵਿਚੋਂ ਹਜ਼ਾਰਾਂ ਪੰਜਾਬੀ ਨੌਜਵਾਨ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਅਸਾਇਲਮ ਕੇਸਾਂ ਨੂੰ ਵੀ ਵੱਡੇ ਪੱਧਰ ‘ਤੇ ਰੱਦ ਕਰਨ ਦੀ ਯੋਜਨਾ ਬਣਾ ਸਕਦੀ ਹੈ, ਜਿਸ ਕਾਰਨ ਲੱਖਾਂ ਪ੍ਰਵਾਸੀਆਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

