ਲੱਦਾਖ ਦੇ ਨਯੋਮਾ-ਚੁਸ਼ੂਲ ਇਲਾਕੇ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਐੱਲਏਸੀ ਦੇ ਨੇੜੇ ਫ਼ੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ ਹੋ ਗਏ। ਮ੍ਰਿਤਕਾਂ ’ਚ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ ਵੀ ਸ਼ਾਮਲ ਸੀ। ਹਾਲਾਂਕਿ ਘਟਨਾ ਸ਼ੁੱਕਰਵਾਰ ਸਵੇਰ 1 ਵਜੇ ਦੀ ਦੱਸੀ ਜਾ ਰਹੀ ਹੈ ਪਰ ਇਸ ਦੀ ਜਾਣਕਾਰੀ ਸ਼ਨੀਵਾਰ ਨੂੰ ਮਿਲੀ।
ਜਾਣਕਾਰੀ ਮੁਤਾਬਕ ਫ਼ੌਜ ਦੇ ਜਵਾਨ ਫ਼ੌਜੀ ਅਭਿਆਸ ਤੋਂ ਮਗਰੋਂ ਦੇਰ ਰਾਤ ਟੈਂਕ ’ਚ ਸਵਾਰ ਹੋ ਕੇ ਪਰਤ ਰਹੇ ਸੀ। ਇਸ ਦੌਰਾਨ ਜਦੋਂ ਜਵਾਨਾਂ ਦਾ ਟੈਂਕ ਲੱਦਾਖ ਦੇ ਸਾਸੇਰ ਬ੍ਰਾਂਗਸਾ ਵਿੱਚ ਸ਼ਿਓਕ ਨਦੀ ਨੂੰ ਪਾਰ ਕਰ ਰਿਹਾ ਸੀ ਤਾਂ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ। ਜਿਸ ਤੋਂ ਬਾਅਦ ਟੀ-72 ਟੈਂਕ ਸਣੇ 5 ਫ਼ੌਜੀ ਜਵਾਨ ਪਾਣੀ ਦੇ ਵਿੱਚ ਹੀ ਡੁੱਬ ਗਏ। ਲੇਹ ਦੀ ਫਾਇਰ ਐਂਡ ਫਿਊਰੀ 14 ਕੋਰ ਦੇ ਅਨੁਸਾਰ, ਇਹ ਹਾਦਸਾ LAC ਦੇ ਚੁਸ਼ੂਲ ਤੋਂ 148 ਕਿਲੋਮੀਟਰ ਦੂਰ ਮੰਦਰ ਦੇ ਮੋੜ ਨੇੜੇ ਵਾਪਰਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਪਰ ਦਰਿਆ ’ਚ ਪਾਣੀ ਦਾ ਤੇਜ਼ ਵਹਾਅ ਅਤੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਜਵਾਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਫਿਲਹਾਲ ਫ਼ੌਜ ਵੱਲੋਂ ਜਵਾਨਾਂ ਦੀਆਂ ਪੰਜ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਦੀ ਪਹਿਚਾਣ ਰਿਸਾਲਦਾਰ ਐਮਆਰ ਕੇ ਰੈੱਡੀ, ਦਫ਼ਾਦਾਰ ਭੂਪੇਂਦਰ ਨੇਗੀ, ਲਾਂਸ ਦਫ਼ਾਦਾਰ ਅਕਦੁਮ ਤੈਯਬਮ, ਹੌਲਦਾਰ ਏ ਖ਼ਾਨ ਅਤੇ ਨਾਗਰਾਜ ਪੀ. ਵਜੋਂ ਹੋਈ ਹੈ।