ਚੰਡੀਗੜ੍ਹ ਰੇਲਵੇ ਨੇ ਦੀਵਾਲੀ ਅਤੇ ਛੱਠ ਪੂਜਾ (27 ਅਕਤੂਬਰ) ਲਈ ਚੰਡੀਗੜ੍ਹ ਅਤੇ ਅੰਬਾਲਾ ਤੋਂ 2 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਗੱਡੀਆਂ ’ਚ ਸੀਟਾਂ ਦੀ ਉਪਲੱਬਧਤਾ ਵਧੇਗੀ। ਦੋਵੇਂ ਗੱਡੀਆਂ ਵਾਰਾਣਸੀ ਰਾਹੀਂ ਧਨਬਾਦ ਤੇ ਪਟਨਾ ਤੱਕ ਜਾਣਗੀਆਂ। ਇਕ ਗੱਡੀ ਅਣਰਿਜ਼ਰਵਡ ਹੋਵੇਗੀ, ਜਦੋਂ ਕਿ ਦੂਜੀ ’ਚ ਥਰਡ ਤੇ ਸੈਕਿੰਡ ਏ. ਸੀ. ਕੋਚ ਹੋਣਗੇ। ਜਾਣਕਾਰੀ ਅਨੁਸਾਰ ਦੌਲਤਪੁਰ ਚੌਂਕ ਤੋਂ ਵਾਇਆ ਚੰਡੀਗੜ੍ਹ ਹੋ ਕੇ ਵਾਰਾਣਸੀ ਤੱਕ ਗੱਡੀ 4 ਅਕਤੂਬਰ ਤੋਂ ਹਰ ਸ਼ਨੀਵਾਰ ਨੂੰ ਚੱਲੇਗੀ, ਜਦਕਿ ਚੰਡੀਗੜ੍ਹ ਤੋਂ ਧਨਬਾਦ ਲਈ ਦੂਜੀ ਰੇਲਗੱਡੀ 5 ਅਕਤੂਬਰ ਤੋਂ ਸ਼ੁਰੂ ਹੋ ਕੇ ਹਫ਼ਤੇ ’ਚ 2 ਵਾਰ ਚੱਲੇਗੀ। ਇਸ ਤੋਂ ਪਹਿਲਾਂ ਚੰਡੀਗੜ੍ਹ-ਪਟਨਾ ਵਿਸ਼ੇਸ਼ ਰੇਲਗੱਡੀ ਦਾ ਐਲਾਨ ਕੀਤਾ ਸੀ, ਜਿਸ ਦੀ ਉਡੀਕ ਸੂਚੀ 30 ਅਕਤੂਬਰ ਤੱਕ ਹੈ। ਇਸ ਲਈ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਦੋਵੇਂ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ।

