ਪੰਜਾਬ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੇ ਇੱਕ ਇਲਾਕੇ ਦੇ ਅੰਦਰ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਭੇਦਭਰੀ ਹਾਲਤ ’ਚ ਇੱਕ ਕਾਰੋਬਾਰੀ ਦੀ ਲਾਸ਼ ਖੂਨ ਨਾਲ ਲੱਥ-ਪੱਥ ਮਿਲੀ। ਮ੍ਰਿਤਕ ਦੀ ਪਹਿਚਾਣ 65 ਸਾਲਾਂ ਚਰਨਜੀਤ ਸਿੰਘ ਉਰਫ ਚੰਨ ਡੀਪੂ ਵਾਲਾ ਵੱਜੋਂ ਹੋਈ ਹੈ। ਜੋ ਕਿ ਹੈਂਡਲੂਮ ਦਾ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਜਿੰਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਕਤਲ ਦੀ ਵਾਰਦਾਤ ਦੀ ਇਹ ਘਟਨਾ ਸੁਲਤਾਨਪੁਰ ਦੇ ਬੇਹੱਦ ਭੀੜ-ਭਾੜ ਵਾਲੇ ਇਲਾਕੇ ਚੌਂਕ ਚੇਲਿਆਂ ’ਚ ਸਥਿਤ ਮੁਹੱਲਾ ਨਾਈਆਂ ਦੀ ਐ। ਜਿੱਥੇ ਚਰਨਜੀਤ ਸਿੰਘ ਆਪਣੇ ਘਰ ’ਚ ਇੱਕਲਾ ਰਹਿੰਦਾ ਸੀ। ਚਰਨਜੀਤ ਦੀ ਮੌਤ ਦਾ ਓਦੋਂ ਪੱਤਾ ਲੱਗਿਆ ਜਦੋਂ ਉਸਨੇ ਆਪਣੀ ਦੁਕਾਨ ਨਹੀਂ ਖੋਲੀ। ਇਸ ਦੌਰਾਨ ਜਦੋਂ ਚਰਨਜੀਤ ਦੇ ਦੋਸਤ ਨੇ ਘਰ ਆ ਕੇ ਦੇਖਿਆ ਤਾਂ ਉਸ ਦੀ ਲਾਸ਼ ਫਰਸ਼ ’ਤੇ ਖੂਨ ਨਾਲ ਭਿੱਜੀ ਪਈ ਮਿਲੀ। ਮ੍ਰਿਤਕ ਦੇ ਦੋਸਤ ਮੁਤਾਬਕ ਚਰਨਜੀਤ ਦੇ ਸ਼ਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਵੇਂ ਕਿਸੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੋਵੇ।
ਫਿਲਹਾਲ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਚੁੱਕੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਮੌਕੇ ‘ਤੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਵੀ ਪਹੁੰਚੇ ਅਤੇ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।