ਰਾਜਸਥਾਨ : ਜੈਪੁਰ ਦੇ ਸਵਾਈ ਮਾਨਸਿੰਘ (ਐਸਐਮਐਸ) ਹਸਪਤਾਲ ਦੇ ਟਰਾਮਾ ਸੈਂਟਰ ਦੇ ਨਿਊਰੋ-ਆਈਸੀਯੂ ਵਾਰਡ ਵਿੱਚ ਐਤਵਾਰ ਦੇਰ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿਚ ਤਿੰਨ ਔਰਤਾਂ ਸਮੇਤ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਮਾਰੇ ਗਏ 6 ਲੋਕਾਂ ਦੀ ਪ੍ਰਸ਼ਾਸਨ ਵਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਪਰ 2 ਮਰੀਜ਼ਾਂ ਦੀ ਮੌਤ ਹੋ ਜਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਦੂਜੇ ਪਾਸੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਛੇ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ, ਜਿਸਦੀ ਅਗਵਾਈ ਮੈਡੀਕਲ ਵਿਭਾਗ ਦੇ ਕਮਿਸ਼ਨਰ ਇਕਬਾਲ ਖਾਨ ਵਲੋਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਜਾਂਚ ਕਮੇਟੀ ਵਿੱਚ ਮੁਕੇਸ਼ ਕੁਮਾਰ ਮੀਣਾ (ਵਧੀਕ ਨਿਰਦੇਸ਼ਕ, ਹਸਪਤਾਲ ਪ੍ਰਸ਼ਾਸਨ), ਚੰਦਨ ਸਿੰਘ ਮੀਣਾ (ਮੁੱਖ ਇੰਜੀਨੀਅਰ, ਰਾਜਮੇਸ), ਅਜੈ ਮਾਥੁਰ (ਮੁੱਖ ਇੰਜੀਨੀਅਰ, ਇਲੈਕਟ੍ਰੀਕਲ, ਪੀਡਬਲਯੂਡੀ), ਆਰਕੇ ਜੈਨ (ਵਧੀਕ ਪ੍ਰਿੰਸੀਪਲ, ਐਸਐਮਐਸ ਮੈਡੀਕਲ ਕਾਲਜ) ਅਤੇ ਜੈਪੁਰ ਨਗਰ ਨਿਗਮ ਦੇ ਮੁੱਖ ਫਾਇਰ ਅਫਸਰ ਸ਼ਾਮਲ ਹਨ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਅੱਗ ਟਰਾਮਾ ਸੈਂਟਰ ਦੇ ਸਟੋਰਰੂਮ ਵਿੱਚ ਲੱਗੀ, ਜਿੱਥੇ ਕਾਗਜ਼, ਆਈਸੀਯੂ ਉਪਕਰਣ ਅਤੇ ਖੂਨ ਦੇ ਸੈਂਪਲਰ ਟਿਊਬ ਸਟੋਰ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ 5 ਲੋਕ ਗੰਭੀਰ ਰੂਪ ਵਿੱਚ ਸੜ ਗਏ।

