ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਲੋਕ ਭਲਾਈ ਦੀ ਯੋਜਨਾਵਾਂ ਉਲੀਕੀਆਂ ਜਾ ਰਹੀਆ ਹਨ ਤਾਂ ਉੱਥ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਾਰਟੀ ਦੇ ਵਿਧਾਇਕਾਂ ਵੱਲੋਂ ਵੀ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਵਿਧਾਇਕ ਰਜਨੀਸ਼ ਦਹੀਆ ਫਿਰੋਜ਼ਪੁਰ ਦੀ ਸਬ ਤਹਿਸੀਲ ਤਲਵੰਡੀ ਭਾਈ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਸੁਲਹਾਣੀ ’ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਵਿਧਾਇਕ ਨੇ ਲੋਕਾਂ ਦੀਆਂ ਸੰਭਵ ਮੁਸ਼ਕਿਲਾਂ ਦਾ ਮੌਕੇ ’ਤੇ ਹੱਲ ਵੀ ਕੀਤਾ।
ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਦੇ ਨਾਲ ਫਿਰੋਜ਼ਪੁਰ ਐੱਸਡੀਐੱਮ ਡਾ. ਚਾਰੂਮਿੱਤਾ ਸ਼ੇਖਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਹੀਆ ਨੇ ਦੱਸਿਆ ਕਿ ਪਿੰਡ ਸੁਲਹਾਣੀ ਦੇ ਨਾਲ ਲੱਗਦੇ ਪਿੰਡ ਨਰੈਣਗੜ੍ਹ ਭੰਗਾਲੀ, ਮਾਛੀਵਾੜਾ, ਵਾੜਾ ਜਵਾਹਰ ਸਿੰਘ ਵਾਲਾ ਅਤੇ ਝੰਜੀਆਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਪਿੰਡ ਸੁਲਹਾਣੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੁਣੀਆਂ ਗਈਆਂ ਹਨ। 40 ਤੋਂ 45 ਦਰਖਾਸਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ ਕਈਆਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਗਿਆ ਅਤੇ ਬਾਕੀਆਂ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ, ਜੋ ਕਿ ਜਲਦੀ ਹੱਲ ਹੋ ਜਾਣਗੀਆਂ। ਇਸ ਦੇ ਨਾਲ ਹੀ ਐੱਮਐੱਲਏ ਨੇ ਦੱਸਿਆ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਇਸ ਤਰ੍ਹਾਂ ਆਮ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਯਕੀਨੀ ਬਣਾਇਆ ਜਾਵੇਗਾ।