ਜਲੰਧਰ- ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਵਿਖੇ ਦੁਪਹਿਰ 3 ਵਜੇ ਦੇ ਕਰੀਬ ਮਾਡਲ ਟਾਊਨ ਵਿਖੇ ਸ਼ਮਸ਼ਾਨ ਘਾਟ ‘ਚ ਹੋਵੇਗਾ। ਉਨ੍ਹਾਂ ਦੀ ਲਾਸ਼ ਨੂੰ ਜਲੰਧਰ ਸਥਿਤ ਉਨ੍ਹਾਂ ਦੇ ਘਰ ਵਿਚ ਲਿਆਂਦਾ ਗਿਆ ਹੈ, ਜਿਸ ਕਾਰਨ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ।
ਇਸ ਦੌਰਾਨ ਵਰਿੰਦਰ ਘੁੰਮਣ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਹਸਪਤਾਲ ਦੇ ਡਾਕਟਰਾਂ ‘ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ। ਪਤਾ ਲੱਗਾ ਹੈ ਕਿ ਵਰਿੰਦਰ ਘੁੰਮਣ ਮਾਡਲ ਹਾਊਸ, ਜਲੰਧਰ ਸਥਿਤ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ, ਜਦੋਂ ਉਨ੍ਹਾਂ ਦੇ ਮੋਢੇ ਵਿੱਚ ਅਚਾਨਕ ਇੱਕ ਨਸ ਦਾ ਦਬਾਅ ਪੈ ਗਿਆ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ, ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਆਪ੍ਰੇਸ਼ਨ ਦੌਰਾਨ ਵਰਿੰਦਰ ਦੀ ਜਦੋਂ ਮੌਤ ਹੋ ਗਈ ਤਾਂ ਦੋਸਤਾਂ ਅਤੇ ਡਾਕਟਰਾਂ ਨੇ ਇੱਕ ਦੂਜੇ ਨਾਲ ਬਹਿਸ ਕੀਤੀ।

