ਜਲਾਲਾਬਾਦ : ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਚ ਦੇਵੀ ਦੁਆਰਾ ਨੇੜੇ ਇਕ ਕੱਪੜਾ ਵਪਾਰੀ ਦੀ ਦੁਕਾਨ ਨੂੰ ਅਣਪਛਾਤੇ ਨੌਜਵਾਨਾਂ ਵੱਲੋਂ ਅੱਗ ਲਗਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਪੈਟਰੋਲ ਛਿੜਕ ਕੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਤਿੰਨ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿਚ ਭਾਰੀ ਰੋਸ ਹੈ। ਵਪਾਰ ਮੰਡਲ ਨੇ ਸੁਣਵਾਈ ਨਾ ਹੋਣ ਦੇ ਦੋਸ਼ ਲਗਾਉਂਦੇ ਹੋਏ ਜਲਾਲਾਬਾਦ ਦੀਆਂ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ।
ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ ਨੇ ਦੱਸਿਆ ਕਿ ਕੱਲ੍ਹ ਮੀਟਿੰਗ ਕਰਕੇ ਸ਼ਹਿਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸਨੂੰ ਅੱਜ ਪੂਰੇ ਜਲਾਲਾਬਾਦ ਦੇ ਵਪਾਰੀਆਂ ਅਤੇ ਨਿਵਾਸੀਆਂ ਨੇ ਪੂਰਨ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਵੀ ਦੁਆਰਾ ਨੇੜੇ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਅੰਕੁਸ਼ ਦੀ ਦੁਕਾਨ ਵਿਚ ਦੋ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਪੁਲਸ ਵੱਲੋਂ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਕਾਰਨ ਵਪਾਰੀ ਗੁੱਸੇ ’ਚ ਹਨ। ਇਸ ਦੇ ਵਿਰੋਧ ਦੇ ਚੱਲਦੇ ਅੱਜ ਪੂਰਾ ਜਲਾਲਾਬਾਦ ਸ਼ਹਿਰ ਬੰਦ ਰੱਖਿਆ ਗਿਆ ਹੈ। ਬੱਬੂ ਡੋਡਾ ਨੇ ਕਿਹਾ ਕਿ ਅਗਲੇ ਕਦਮ ਲਈ ਵਪਾਰੀ ਅਤੇ ਸ਼ਹਿਰ ਵਾਸੀ ਦੁਬਾਰਾ ਦੇਵੀ ਦੁਆਰੇ ਨੇੜੇ ਇਕੱਠੇ ਹੋ ਰਹੇ ਹਨ, ਜਿੱਥੇ ਅਗਲੀ ਰਣਨੀਤੀ ਬਣਾਈ ਜਾਵੇਗੀ।

