ਇੰਟਰਨੈਸ਼ਨਲ – ਬੀਤੇ ਕੁਝ ਮਹੀਨਿਆਂ ਤੋਂ ਜਹਾਜ਼ ਹਾਦਸਿਆਂ ਦੀ ਗਿਣਤੀ ‘ਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸੇ ਦੌਰਾਨ ਆਸਟ੍ਰੇਲੀਆ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਦੱਖਣ-ਪੂਰਬੀ ਖੇਤਰ ਦੇ ਵੋਲੋਂਗੋਂਗ ਦੇ ਦੱਖਣ ਵਿੱਚ ਸ਼ਨੀਵਾਰ ਸਵੇਰੇ ਇੱਕ ਛੋਟਾ ਜਹਾਜ਼ ਕ੍ਰੈਸ਼ ਹੋ ਗਿਆ ਤੇ ਅੱਗ ਲੱਗਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਆਸਟ੍ਰੇਲੀਆਈ ਸੂਬਾ ਨਿਊ ਸਾਊਥ ਵੇਲਜ਼ (NSW) ਦੀ ਪੁਲਸ ਨੇ ਜਾਣਕਾਰੀ ਦਿੰਦਿਆਂ ਇਕ ਬਿਆਨ ਵਿੱਚ ਕਿਹਾ ਕਿ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਸ਼ੈੱਲਹਾਰਬਰ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ‘ਚ ਹਾਦਸੇ ਸਮੇਂ 3 ਲੋਕ ਸਵਾਰ ਸਨ।
ਜ਼ਮੀਨ ਨਾਲ ਟਕਰਾਉਂਦਿਆਂ ਹੀ ਜਹਾਜ਼ ਨੂੰ ਅੱਗ ਲੱਗ ਗਈ, ਪਰ NSW ਦੇ ਅੱਗ ਬੁਝਾਊ ਅਤੇ ਬਚਾਅ ਕਰਮਚਾਰੀਆਂ ਨੇ ਜਲਦੀ ਹੀ ਅੱਗ ‘ਤੇ ਕਾਬੂ ਪਾ ਲਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਟ੍ਰਾਂਸਪੋਰਟ ਸੇਫਟੀ ਬਿਊਰੋ ਨੂੰ ਹਾਦਸੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

