ਸਾਦਿਕ -ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਸਾਦਿਕ ਵਿਖੇ ਪਹਿਲੀ ਵਾਰ ਇਕ ਨਸ਼ਾ ਸਮੱਗਲਰ ਦਾ ਘਰ ਢਾਹਿਆ ਗਿਆ। ਇਸ ਮੁਹਿੰਮ ਨੂੰ ਅੰਜਾਮ ਦੇਣ ਲਈ ਐੱਸ.ਐੱਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ, ਡੀ.ਐੱਸ.ਪੀ ਤਰਲੋਚਨ ਸਿੰਘ, ਮਾਨਵਿੰਦਰਬੀਰ ਸਿੰਘ ਡੀ.ਐੱਸ.ਪੀ ਥਾਣਾ ਮੁਖੀ ਨਵਦੀਪ ਸਿੰਘ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਪੁਲਸ ਪਾਰਟੀ ਘਰ ਦੇ ਕੋਲ ਮੌਕੇ ’ਤੇ ਪੁੱਜੇ ਹੋਏ ਸਨ।
ਪੰਚਾਇਤ ਵਿਭਾਗ ਦੇ ਨੱਥਾ ਸਿੰਘ ਬੀ.ਡੀ.ਪੀ.ਓ, ਸਾਦਿਕ ਦੇ ਸਰਪੰਚ ਡਾ. ਦੀਸ਼ਾ ਸਿੰਘ, ਸਕੱਤਰ ਦੇਵੀ ਲਾਲ, ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ ਵੀ ਮੌਕੇ ’ਤੇ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਫਰੀਦਕੋਟ ਦੇ ਸਾਦਿਕ ਵਿੱਚ ਪ੍ਰਸ਼ਾਸ਼ਨ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਹਿਆ ਗਿਆ। ਸਿਵਲ ਤੇ ਪੁਲਸ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ ਹੈ।

