ਸੁਨਾਮ ਊਧਮ ਸਿੰਘ ਵਾਲਾ – ਪੰਜਾਬ ਸਰਕਾਰ ਨੇ ਕੀਤੇ ਐਲਾਨ ਮੁਤਾਬਕ ਹੜ੍ਹ ਪੀੜਤਾਂ ਨੂੰ ਦੀਵਾਲੀ ਤੋਂ ਪਹਿਲਾਂ (30 ਦਿਨਾਂ ਵਿਚ) ਮੁਆਵਜ਼ਾ/ਰਾਹਤ ਰਾਸ਼ੀ ਪ੍ਰਦਾਨ ਕਰ ਕੇ ਮਿਸਾਲ ਕਾਇਮ ਕੀਤੀ ਹੈ। ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਕਿਸੇ ਕੁਦਰਤੀ ਕਰੋਪੀ ਦਾ ਮੁਆਵਜ਼ਾ ਐਨੇ ਘੱਟ ਸਮੇਂ ’ਚ ਦਿੱਤਾ ਹੋਵੇ। ਇਹ ਗੱਲ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਅੱਜ ਇਥੇ ਆਪਣੇ ਰਿਹਾਇਸ਼ ਵਿਖੇ ਵਿਧਾਨ ਸਭਾ ਹਲਕਾ ਸੁਨਾਮ ਦੇ ਭਾਰੀ ਬਰਸਾਤ/ ਹੜ੍ਹਾਂ ਨਾਲ ਪ੍ਰਭਾਵਿਤ ਹੋਏ 9 ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪਣ ਮੌਕੇ ਕੀਤਾ। ਇਨ੍ਹਾਂ ਪੀੜਤਾਂ ’ਚ ਅਨੋਖ ਸਿੰਘ ਸੁਨਾਮ ਏ, ਅਕਾਲਗੜ੍ਹ ਤੋਂ ਸੁਖਵਿੰਦਰ ਸਿੰਘ ਤੇ ਪਰਮਜੀਤ ਸਿੰਘ, ਝਾੜੋਂ ਤੋਂ ਸਤਗੁਰ ਸਿੰਘ, ਚਮਕੌਰ ਸਿੰਘ, ਲਾਭ ਸਿੰਘ, ਸਰਬਜੀਤ ਸਿੰਘ, ਕੋਟੜਾ ਅਮਰੂ ਤੋਂ ਗੁਰਮੇਲ ਸਿੰਘ ਅਤੇ ਮਹਿੰਦਰ ਸਿੰਘ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ, ਜਿਸ ’ਚੋਂ ਜ਼ਿਲਾ ਸੰਗਰੂਰ ਦੇ ਹੜ੍ਹ ਪੀੜਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਅਜਨਾਲਾ ’ਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ।
ਭਾਰੀ ਮੀਂਹ ਅਤੇ ਹੜ੍ਹ ਕਾਰਨ ਸੂਬੇ ਭਰ ’ਚ ਵੱਡੀ ਪੱਧਰ ’ਤੇ ਫਸਲਾਂ ਖਰਾਬ ਹੋ ਗਈਆਂ ਸਨ। ਕਈ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਢਹਿ ਗਈਆਂ ਸਨ। ਹਰੇਕ ਪ੍ਰਭਾਵਿਤ ਪਰਿਵਾਰ ਨੂੰ ਹੋਏ ਨੁਕਸਾਨ ਦੀ ਪੜਤਾਲ ਉਪਰੰਤ ਰਾਹਤ ਰਾਸ਼ੀ ਦਿੱਤੀ ਜਾਵੇਗੀ। ਇਹ ਵੀ ਪਹਿਲੀ ਵਾਰ ਹੈ ਕਿ ਨੁਕਸਾਨੇ ਗਏ ਹਰੇਕ ਘਰ ਨੂੰ 40 ਹਜ਼ਾਰ ਰੁਪਏ ਅਤੇ ਕਿਸਾਨਾਂ ਨੂੰ ਫਸਲ ਦੇ ਖਰਾਬੇ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਮਿਲਣਗੇ।

