ਖੰਨਾ : ਖੰਨਾ ਪੁਲਸ ਨੇ ਪੰਜਾਬ ਅਤੇ ਹਰਿਆਣਾ ਸਮੇਤ ਕਈ ਰਾਜਾਂ ਵਿਚ ਜੈਵਿਕ ਖੇਤੀ ਦਾ ਲਾਲਚ ਦੇ ਕੇ ਵੱਡੇ ਪੱਧਰ ‘ਤੇ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਐੱਸ.ਐੱਸ.ਪੀ. ਖੰਨਾ ਡਾ. ਜੋਤੀ ਯਾਦਵ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ‘ਜਨਰੇਸ਼ਨ ਆਫ ਫਾਰਮਿੰਗ’ ਨਾਮਕ ਫਰਮ ਨੇ ਕੁੱਲ 23,249 ਭੋਲੇ-ਭਾਲੇ ਵਿਅਕਤੀਆਂ ਤੋਂ ਲਗਭਗ ₹170.57 ਕਰੋੜ ਜਮ੍ਹਾਂ ਕਰਵਾ ਲਏ ਸਨ। ਫਰਮ ਨੇ ਨਿਵੇਸ਼ਕਾਂ ਨੂੰ ਹਰ ਮਹੀਨੇ 8 ਫੀਸਦੀ ਰਿਟਰਨ ਦੇਣ ਅਤੇ 25 ਮਹੀਨਿਆਂ ਵਿਚ ਉਨ੍ਹਾਂ ਦਾ ਨਿਵੇਸ਼ ਦੁੱਗਣਾ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਸਲ ਵਿਚ ਇਹ ਇਕ ਧੋਖਾਧੜੀ ਨਿਕਲੀ।
ਪੁਲਸ ਅਨੁਸਾਰ, ਫਰਮ ਦੇ ਮਾਲਕਾਂ ਅਤੇ ਨੁਮਾਇੰਦਿਆਂ ਨੇ ਲੋਕਾਂ ਨੂੰ ਔਰਗੈਨਿਕ ਉਤਪਾਦਨ, ਵਰਮੀ ਕੰਪੋਸਟ ਸਪਲਾਈ ਅਤੇ ਬਾਗਬਾਨੀ ਪ੍ਰਾਜੈਕਟਾਂ ਦੇ ਨਾਂ ‘ਤੇ ਲੁਭਾਇਆ ਅਤੇ ਕਈ ਰਜਿਸਟਰਡ ਅਤੇ ਗੈਰ-ਰਜਿਸਟਰਡ ਕੰਪਨੀਆਂ ਦੇ ਮਾਧਿਅਮ ਰਾਹੀਂ ਜਾਲ ਫੈਲਾਇਆ, ਜਿਸ ਵਿਚ ਸੋਸ਼ਲ ਮੀਡੀਆ ਅਤੇ ਸਥਾਨਕ ਸਭਾਵਾਂ ਦੀ ਵਰਤੋਂ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਗਿਆ। ਜਾਂਚ ਵਿਚ ਇਹ ਸਾਹਮਣੇ ਆਇਆ ਕਿ ਨਿਵੇਸ਼ਕਾਂ ਦੇ ਇਸ ਧਨ ਦੀ ਵਰਤੋਂ ਨਿੱਜੀ ਜਾਇਦਾਦਾਂ ਖਰੀਦਣ, ਖਾਤਿਆਂ ਵਿਚ ਘੁਮਾਉਣ ਅਤੇ ਹੋਰ ਕੰਮਾਂ ਲਈ ਕੀਤੀ ਗਈ। ਇਸ ਧੋਖਾਧੜੀ ਦੇ ਸਬੰਧ ਵਿਚ ਥਾਣਾ ਸਮਰਾਲਾ ਵਿਚ ਮੁਕੱਦਮਾ ਨੰਬਰ 247/2025, 248/2025, ਅਤੇ 268/2025 ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਧਾਰਾ 318(4), 316(2), 338, 336(3), 340(2), 61(2), 111, ਅਤੇ 238 ਸਮੇਤ ਕਈ ਸੰਗੀਨ ਧਾਰਾਵਾਂ ਸ਼ਾਮਲ ਹਨ। ਪੁਲਸ ਨੇ ਇਸ ਮਾਮਲੇ ਵਿਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਅਤੇ ਕਈ ਹੋਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

