ਪਾਕਿਸਤਾਨ : ਪਾਕਿਸਤਾਨ ਅਤੇ ਅਫਗਾਨਿਸਤਾਨ ਗੁਆਂਢੀ ਦੇਸ਼ ਹਨ ਪਰ ਇਸ ਸਮੇਂ ਉਨ੍ਹਾਂ ਦੇ ਸਬੰਧ ਤਣਾਅਪੂਰਨ ਹਨ, ਜੋ ਖ਼ਤਰਨਾਕ ਪੱਧਰ ‘ਤੇ ਪਹੁੰਚ ਗਏ ਹਨ। ਭਾਰੀ ਗੋਲੀਬਾਰੀ ਅਤੇ ਬੰਬਾਰੀ ਕੀਤੇ ਤੋਂ ਬਾਅਦ ਪਾਕਿਸਤਾਨੀ ਹਮਲੇ ਵਿੱਚ ਤਿੰਨ ਅਫਗਾਨ ਕ੍ਰਿਕਟਰ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਅਫਗਾਨਿਸਤਾਨ ਨੇ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨੀ ਧਰਤੀ ‘ਤੇ ਹੋਣ ਵਾਲੀ ਟਰਾਈ ਸੀਰੀਜ਼ ਤੋਂ ਆਪਣਾ ਨਾਮ ਵਾਪਸ ਲੈ ਲਿਆ ਅਤੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ।
ਇਸ ਤੋਂ ਬਾਅਦ AFG ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਇਹ ਦੁਖਦਾਈ ਘਟਨਾ ਪਕਤਿਕਾ ਸੂਬੇ ਦੇ ਉਰਗੁਨ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਪਾਕਿਸਤਾਨੀ ਫੌਜਾਂ ਦੇ ਹਮਲੇ ਵਿੱਚ ਅਫਗਾਨ ਕ੍ਰਿਕਟਰ ਕਬੀਰ, ਸਿਬਗਤੁੱਲਾ ਅਤੇ ਹਾਰੂਨ ਸਮੇਤ ਅੱਠ ਲੋਕ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋ ਗਏ।
ਸੂਤਰਾਂ ਮੁਤਾਬਕ ਮਿਲੀ ਰਿਪੋਰਟਾਂ ਅਨੁਸਾਰ ਉਕਤ ਖਿਡਾਰੀ ਪਕਤਿਕਾ ਦੀ ਰਾਜਧਾਨੀ ਸ਼ਰਾਨਾ ਵਿੱਚ ਇੱਕ ਦੋਸਤਾਨਾ ਮੈਚ ਖੇਡਣ ਗਏ ਸਨ। ਘਰ ਵਾਪਸ ਆਉਣ ਤੋਂ ਬਾਅਦ ਉਰਗੁਨ ਜ਼ਿਲ੍ਹੇ ਵਿੱਚ ਇੱਕ ਇਕੱਠ ਦੌਰਾਨ ਉਨ੍ਹਾਂ ‘ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਸੂਬੇ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਨੇ ਅਫਗਾਨ ਕ੍ਰਿਕਟ ਭਾਈਚਾਰੇ ਨੂੰ ਬਹੁਤ ਦੁਖੀ ਕੀਤਾ ਹੈ।

