ਜਲੰਧਰ ਪੱਛਮੀ ਦੀਆਂ ਆਗਾਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ, ਅਕਾਲੀ ਦਲ ਧੜਿਆਂ ’ਚ ਵੰਡਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਜਲੰਧਰ ਦੀਆਂ ਚੋਣਾਂ ਨੂੰ ਲੈ ਕੇ ਇੱਕ ਧਿਰ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ, ਜਦੋਂ ਕਿ ਦੂਜੀ ਧਿਰ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ, ਵੱਲੋਂ ਬਸਪਾ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ ਐ। ਇੱਕ ਧਿਰ ਵੱਲੋਂ ਮੰਗਾਂ ਦਾ ਦੌਰ ਇਹ ਵੀ ਹੈ ਕਿ ਸੁਖਬੀਰ ਬਾਦਲ ਨੂੰ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਰ ਦੂਜੀ ਧਿਰ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਭਰੋਸਾ ਜਤਾਇਆ ਜਾ ਰਿਹਾ ਕਿ ਸੁਖਬੀਰ ਬਾਦਲ ਹੀ ਪਾਰਟੀ ਦੀ ਅਗਵਾਲੀ ਕਰਨ ਲਈ ਸਭ ਤੋਂ ਯੋਗ ਵਿਅਕਤੀ ਹਨ।
ਸੁਖਬੀਰ ਬਾਦਲ ਲਈ ਭਰੋਸੇਯੋਗਤਾ ਜਤਾਉਣ ਲਈ ਪਾਰਟੀ ਦੇ ਵੱਖ-ਵੱਖ ਵਰਕਰਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਚੰਡੀਗੜ੍ਹ ’ਚ ਇਸਤਰੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਇਸਤਰੀ ਅਕਾਲੀ ਦਲ ਦੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ‘ਪੰਜਾਬ ਬਚਾਓ’ ਯਾਤਰਾ ਦੇ ਰੂਪ ਵਿੱਚ ਪ੍ਰਭਾਵਸ਼ਾਲੀ ਮੁਹਿੰਮ ਚਲਾਉਣ ਲਈ ਪ੍ਰੇਰਨਾਦਾਇਕ ਅਗਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਔਰਤਾਂ ਤੱਕ ਪਹੁੰਚ ਕੀਤੀ, ਜਿਸ ਕਾਰਨ ਬਠਿੰਡਾ ਵਿੱਚ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਦੇ ਠੋਸ ਯਤਨਾਂ ਦਾ ਲਾਭ ਪਾਰਟੀ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹੋਇਆ ਹੈ, ਜਿਨ੍ਹਾਂ ਨੇ ਇਹ ਸੀਟ ਚੰਗੇ ਫਰਕ ਨਾਲ ਜਿੱਤੀ ਹੈ।
ਇਸ ਤੋਂ ਇਲਾਵਾ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪ੍ਰਭਾਵਸ਼ਾਲੀ ਮਹਿਲਾ ਲੀਡਰਸ਼ਿਪ ਵੀ ਤਿਆਰ ਕਰੇਗੀ ਤਾਂ ਜੋ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਰਾਖਵੀਆਂ ਸੀਟਾਂ ‘ਤੇ ਮਹਿਲਾ ਉਮੀਦਵਾਰਾਂ ਲਈ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਜਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਇਸਤਰੀ ਅਕਾਲੀ ਦਲ ਅਹਿਮ ਭੂਮਿਕਾ ਨਿਭਾਏਗਾ।