ਲੋਕ ਸਭਾ ਸਦਨ ਦੀ ਅੱਜ ਦੀ ਕਾਰਵਾਈ ਦੌਰਾਨ ਪ੍ਰਧਾਨ ਮੁਰਮੂ ਦੇ ਸੰਬੋਧਨ ‘ਤੇ ਧੰਨਵਾਦ ਮਤੇ ‘ਤੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ’ਤੇ ਕੀਤੀ ਟਿੱਪਣੀ ਤੋਂ ਬਾਅਦ ਸੰਸਦ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਰਾਹੁਲ ਨੇ ਸਦਨ ਦੇ ਸਪੀਕਰ ਨੂੰ ਕਿਹਾ ਕਿ
ਜਦੋਂ ਤੁਹਾਨੂੰ ਸਪੀਕਰ ਵੱਜੋਂ ਚੁਣਿਆ ਗਿਆ ਤਾਂ ਮੈਂ ਅਤੇ ਪੀਐਮ ਮੋਦੀ ਤੁਹਾਨੂੰ ਕੁਰਸੀ ਤੱਕ ਛੱਡਣ ਲਈ ਆਏ ਸੀ। ਪਰ ਇਸ ਦੌਰਾਨ ਜਦੋਂ ਮੈਂ ਤੁਹਾਡੇ ਨਾਲ ਹੱਥ ਮਿਲਾਇਆ ਤਾਂ ਤੁਸੀਂ ਸਿੱਧੇ ਮਿਲੇ, ਪਰ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਤੁਹਾਡੇ ਵੱਲ ਹੱਥ ਵਧਾਇਆ ਤਾਂ ਤੁਸੀ (ਸਪੀਕਰ) ਆਪਣਾ ਸਿਰ ਝੁਕਾ ਲਿਆ ਅਤੇ ਫਿਰ ਹੱਥ ਮਿਲਾਇਆ।
ਰਾਹੁਲ ਗਾਂਧੀ ਦੇ ਇੰਨ੍ਹਾਂ ਕਹਿੰਦੇ ਹੀ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਸੱਤਾਧਾਰੀ ਭਾਜਪਾ ਦੇ ਮੈਂਬਰ ਖੜੇ ਹੋ ਗਏ ਅਤੇ ਰਾਹੁਲ ਗਾਂਧੀ ਦੇ ਬਿਆਨ ਨੂੰ ਸਦਨ ਦਾ ਅਪਮਾਨ ਕਰਾਰ ਦਿੱਤਾ।
ਇਸ ਦੌਰਾਨ ਰਾਹੁਲ ਦੀ ਗੱਲ ਦਾ ਜਵਾਬ ਦਿੰਦਿਆਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਦਨ ਦਾ ਸਰਵਉੱਚ ਨੇਤਾ ਹੁੰਦਾ ਹੈ। ਮੇਰੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਕਹਿੰਦੀਆਂ ਹਨ ਕਿ ਨਿੱਜੀ ਅਤੇ ਜਨਤਕ ਜੀਵਨ ਵਿੱਚ ਅਤੇ ਇਸ ਆਸਨ ਵਿੱਚ, ਮੈਨੂੰ ਉਨ੍ਹਾਂ ਲੋਕਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ ਜੋ ਬਜ਼ੁਰਗ ਹਨ ਅਤੇ ਜੋ ਬਰਾਬਰ ਹਨ। ਉਨ੍ਹਾਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ, ਮੈਂ ਇਹੀ ਸਿੱਖਿਆ ਹੈ। ਮੈਂ ਆਪਣੀ ਕੁਰਸੀ ਤੋਂ ਇਹ ਕਹਿ ਸਕਦਾ ਹਾਂ ਕਿ ਬਜ਼ੁਰਗਾਂ ਨੂੰ ਮੱਥਾ ਟੇਕਣਾ ਅਤੇ ਲੋੜ ਪੈਣ ‘ਤੇ ਉਨ੍ਹਾਂ ਦੇ ਪੈਰ ਛੂਹਣਾ ਮੇਰਾ ਸੱਭਿਆਚਾਰ ਹੈ।
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਫਿਰ ਕਿਹਾ ਕਿ ਉਹ ਸਪੀਕਰ ਦੇ ਸ਼ਬਦਾਂ ਦਾ ਸਨਮਾਨ ਕਰਦੇ ਹਨ, ਪਰ ਇਹ ਗਲਤ ਹੈ। ਇਸ ਸਦਨ ਵਿੱਚ ਸਪੀਕਰ ਤੋਂ ਵੱਡਾ ਕੋਈ ਨਹੀਂ ਹੈ ਅਤੇ ਸਾਰਿਆਂ ਨੂੰ ਉਨ੍ਹਾਂ ਅੱਗੇ ਝੁਕਣਾ ਚਾਹੀਦਾ ਹੈ। ਸਪੀਕਰ ਲੋਕ ਸਭਾ ਦਾ ਸਰਪ੍ਰਸਤ ਅਤੇ ‘ਅੰਤਿਮ ਫੈਸਲਾ’ ਹੁੰਦਾ ਹੈ। ਮੈਂ ਤੁਹਾਨੂੰ ਸਲਾਮ ਕਰਾਂਗਾ ਅਤੇ ਸਮੁੱਚੀ ਵਿਰੋਧੀ ਧਿਰ ਵੀ ਅਜਿਹਾ ਹੀ ਕਰੇਗੀ।