ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵੱਲੋਂ ਖੂਬ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਾਜਨੀਤਿਕ ਨੇਤਾਵਾਂ ਵੱਲੋਂ ਜਨਤਾ ’ਚ ਜਾ ਕੇ ਵੋਟਾਂ ਲਈ ਭਰਮਾਇਆ ਜਾ ਰਿਹਾ ਹੈ ਤਾਂ ਕਿ ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ’ਤੇ ਕਬਜ਼ਾ ਕੀਤਾ ਜਾ ਸਕੇ। ਇਸ ਦੌਰਾਨ ਜਿੱਥੇ ਪਾਰਟੀਆਂ ਚੋਣ ਪ੍ਰਚਾਰ ’ਚ ਲੱਗੀਆਂ ਹੋਈਆਂ ਹਨ ਤਾਂ ਦੂਜੇ ਪਾਸੇ ਅਕਾਲੀ ਦਲ ਆਪਣੇ ਹੀ ਪਾਰਟੀ ਦੀ ਗੁੱਟਬਾਜੀ ਦੇ ਤਾਣੇ-ਬਾਣੇ ’ਚ ਉੱਲਝਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣ ਪ੍ਰਚਾਰ ਦੌਰਾਨ ਜਲੰਧਰ ’ਚ ਕਿਰਾਏ ਤੇ ਘਰ ਲੈ ਕੇ ਰਹਿ ਰਹੇ ਹਨ। ਜਿੱਥੇ ਉਹ ਹਫ਼ਤੇ ’ਚ 2-3 ਦਿਨ ਰਿਹਾ ਕਰਨਗੇ, ਤਾਂਕਿ ਜਲੰਧਰ ਜਾਂ ਆਲੇ ਦੁਆਲੇ ਦੇ ਇਲਾਕੇ ਦੀਆਂ ਮੁਸ਼ਕਿਲਾਂ ਚੰਡੀਗੜ੍ਹ ਦੀ ਬਜਾਏ ਜਲੰਧਰ ’ਚ ਹੀ ਸੁਣੀਆਂ ਜਾ ਸਕਣ ਅਤੇ ਹੱਲ ਕੀਤੀਆਂ ਜਾ ਸਕਣ।
ਹੁਣ ਗੱਲ ਜੇਕਰ ਭਾਜਪਾ ਦੀ ਕਰੀਏ ਤਾਂ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਅੱਜ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਭਾਟੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਜਲੰਧਰ ਪਹੁੰਚ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇਹ ਇਕ ਵੱਡਾ ਝਟਕਾ ਹੈ, ਕਿਉਂਕਿ ਭਾਟੀਆ ਸ਼ੀਤਲ ਅੰਗੁਰਾਲ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਬਹੁਤ ਕਰੀਬੀ ਮੰਨੇ ਜਾਂਦੇ ਸੀ ਅਤੇ ਪੱਛਮੀ ਹਲਕੇ ਵਿੱਚ ਭਾਟੀਆ ਦਾ ਵੱਡਾ ਵੋਟ ਬੈਂਕ ਸੀ। ਅਜਿਹੇ ਵਿੱਚ ਚੋਣਾਂ ਤੋਂ 10 ਦਿਨ ਪਹਿਲਾਂ ਉਨ੍ਹਾਂ ਦਾ ‘ਆਪ’ ਵਿੱਚ ਸ਼ਾਮਲ ਹੋਣਾ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।